ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ, ਬਿਜਲੀ ਸਪਲਾਈ ਠੀਕ ਕਰਵਾਉਣ ਲਈ ਭਟਕ ਰਹੇ ਖਪਤਕਾਰ
Publish Date: Wed, 22 Jul 2026 07:39 PM (IST)
Updated Date: Thu, 23 Jul 2026 04:08 AM (IST)
* ਬਿਜਲੀ ਸਪਲਾਈ ਠੀਕ ਕਰਵਾਉਣ ਲਈ ਭਟਕ ਰਹੇ ਖਪਤਕਾਰ * ਬਿਜਲੀ ਸੇਵਾਵਾਂ ਪ੍ਰਭਾਵਿਤ, ਸ਼ਿਕਾਇਤਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ * ਬਾਬਾ ਫਰੀਦ ਨਗਰ ਵਿਚ ਫਾਲਟ ਕਾਰਨ ਲੋਕ ਗਰਮੀ ਵਿਚ ਰਹੇ ਪ੍ਰੇਸ਼ਾਨ ਫੋਟੋ : 12 ਕੈਪਸ਼ਨ : ਹੜਤਾਲ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਨਾਅਰੇਬਾਜੀ਼ ਕਰਦੇ ਹੋਏ ਮੁਲਾਜ਼ਮ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਤਕਨੀਕੀ ਕਰਮਚਾਰੀਆਂ ਤੇ ਜੂਨੀਅਰ ਇੰਜੀਨੀਅਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅਸਰ ਹੁਣ ਆਮ ਬਿਜਲੀ ਖਪਤਕਾਰਾਂ ਉੱਤੇ ਸਪੱਸ਼ਟ ਦਿਖਾਈ ਦੇਣ ਲੱਗਾ ਹੈ। ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਸੰਘਰਸ਼ ਕਾਰਨ ਬਿਜਲੀ ਨਾਲ ਜੁੜੀਆਂ ਸ਼ਿਕਾਇਤਾਂ ਦੇ ਹੱਲ ਵਿਚ ਦੇਰੀ ਹੋ ਰਹੀ ਹੈ। ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵਿਚ ਨੁਕਸ ਪੈਣ ਤੋਂ ਬਾਅਦ ਵੀ ਬਿਜਲੀ ਸਪਲਾਈ ਮੁੜ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਗਰਮੀ ਅਤੇ ਹੁੰਮਸ ਦੇ ਮੌਸਮ ਵਿਚ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ’ਚ ਹਰ ਰੋਜ਼ ਲਗਭਗ ਇਕ ਹਜ਼ਾਰ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਇਨ੍ਹਾਂ ’ਚ ਟਰਾਂਸਫਾਰਮਰ ਖਰਾਬ ਹੋਣਾ, ਬਿਜਲੀ ਸਪਲਾਈ ’ਚ ਰੁਕਾਵਟ, ਤਾਰਾਂ ’ਚ ਫਾਲਟ, ਫਿਊਜ਼ ਉੱਡਣਾ ਤੇ ਹੋਰ ਤਕਨੀਕੀ ਸਮੱਸਿਆਵਾਂ ਸ਼ਾਮਲ ਹਨ। ਪਰ ਹੜਤਾਲ ਕਾਰਨ ਇਨ੍ਹਾਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਟਾਫ ਦੀ ਘਾਟ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਬਾਬਾ ਫਰੀਦ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ’ਚ ਪਿਆ ਨੁਕਸ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਮੁਹੱਲਾ ਵਾਸੀਆਂ ਜਗਦੀਪ ਸਿੰਘ ਅਤੇ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਬਿਜਲੀ ਸਬੰਧੀ ਸਮੱਸਿਆ ਆਉਣ ਤੋਂ ਬਾਅਦ ਕਈ ਵਾਰ ਪਾਵਰਕਾਮ ਦਫ਼ਤਰ ਵਿਚ ਸ਼ਿਕਾਇਤ ਕੀਤੀ ਗਈ, ਪਰ ਕਰਮਚਾਰੀਆਂ ਦੀ ਘਾਟ ਕਾਰਨ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਤੇਜ ਗਰਮੀ ਦੇ ਦੌਰਾਨ ਬਿਨਾਂ ਬਿਜਲੀ ਦੇ ਰਹਿਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦੋ ਦਿਨ ਹੋਰ ਵਧਾਈ, 23 ਤੇ 24 ਜੁਲਾਈ ਤੱਕ ਰਹੇਗੀ ਜਾਰੀ ਪਾਵਰਕਾਮ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਦੋ ਦਿਨਾਂ ਦੀ ਹੜਤਾਲ ਹੁਣ ਹੋਰ ਦੋ ਦਿਨਾਂ ਲਈ ਵਧਾ ਦਿੱਤੀ ਗਈ ਹੈ। ਮੁਲਾਜ਼ਮਾਂ ਨੇ 21 ਅਤੇ 22 ਜੁਲਾਈ ਦੀ ਸਮੂਹਿਕ ਛੁੱਟੀ ਤੋਂ ਬਾਅਦ 23 ਅਤੇ 24 ਜੁਲਾਈ ਨੂੰ ਵੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕਰਮਚਾਰੀ ਵੀ ਹੜਤਾਲ ਦੇ ਦੂਜੇ ਦਿਨ ਸੰਘਰਸ਼ ’ਚ ਸ਼ਾਮਲ ਹੋਏ ਤੇ ਰੋਸ ਪ੍ਰਦਰਸ਼ਨ ਕੀਤਾ। ਇੰਪਲਾਈਜ਼ ਫੈਡਰੇਸ਼ਨ ਚਹਿਲ ਗਰੁੱਪ ਤੇ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਥਰਮਲ ਯੂਨਿਟ ਵੱਲੋਂ ਸ਼ਿਫਟ ਰੈਲੀਆਂ ਕਰ ਕੇ ਕਰਮਚਾਰੀਆਂ ਨੂੰ ਅੰਦੋਲਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਕਰਮਚਾਰੀਆਂ ਨੂੰ ਸਮੂਹਿਕ ਛੁੱਟੀ ਦੇ ਅਰਜ਼ੀਆਂ ਦੇ ਕੇ ਹੜਤਾਲ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬਿਜਲੀ ਦੀ ਖਪਤ ਘਟਾਉਣ ਦੀ ਪਾਵਰਕਾਮ ਵੱਲੋਂ ਅਪੀਲ ਹੜਤਾਲ ਦੇ ਮੱਦੇਨਜ਼ਰ ਪਾਵਰਕਾਮ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਬਿਜਲੀ ਦੀ ਵਰਤੋਂ ਘੱਟ ਤੋਂ ਘੱਟ 25 ਫੀਸਦੀ ਘਟਾਈ ਜਾਵੇ, ਤਾਂ ਜੋ ਬਿਜਲੀ ਪ੍ਰਣਾਲੀ ’ਤੇ ਵਾਧੂ ਦਬਾਅ ਨਾ ਪਵੇ। ਪਾਵਰਕਾਮ ਨੇ ਲੋਕਾਂ ਨੂੰ ਕਿਹਾ ਹੈ ਕਿ ਘਰਾਂ ਵਿਚ ਏਸੀ ਦਾ ਤਾਪਮਾਨ 26 ਡਿਗਰੀ ਜਾਂ ਇਸ ਤੋਂ ਵੱਧ ਰੱਖਿਆ ਜਾਵੇ, ਲੋੜ ਨਾ ਹੋਣ ’ਤੇ ਪੱਖੇ ਅਤੇ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵੱਧ ਬਿਜਲੀ ਖਪਤ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਘੱਟ ਕੀਤੀ ਜਾਵੇ। ਐਕਸੀਅਨ ਸੰਦੀਪ ਗਰਗ ਨੇ ਕਿਹਾ ਕਿ ਬਿਜਲੀ ਦੀ ਖਪਤ ਘਟਾਉਣ ਨਾਲ ਪ੍ਰਣਾਲੀ ’ਤੇ ਦਬਾਅ ਘੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਫਾਲਟ ਠੀਕ ਕਰਨ ਲਈ ਸਟਾਫ ਦੀ ਉਪਲਬਧਤਾ ਘੱਟ ਹੈ, ਜਿਸ ਕਾਰਨ ਸ਼ਿਕਾਇਤਾਂ ਦੇ ਹੱਲ ਵਿਚ ਆਮ ਦਿਨਾਂ ਦੇ ਮੁਕਾਬਲੇ ਵੱਧ ਸਮਾਂ ਲੱਗ ਸਕਦਾ ਹੈ। ਉਨ੍ਹਾਂ ਖਪਤਕਾਰਾਂ ਨੂੰ ਧੀਰਜ ਰੱਖਣ ਅਤੇ ਪਾਵਰਕਾਮ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।