ਤਲਵੰਡੀ ਸਾਬੋ ਬੱਸ ਸਟੈਂਡ ਦੇ ਨਿਰਮਾਣ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼ ਤਲਵੰਡੀ ਸਾਬੋ ਬੱਸ ਸਟੈਂਡ ਦੇ ਨਿਰਮਾਣ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼
Publish Date: Sun, 04 Oct 2026 04:32 PM (IST)
Updated Date: Sun, 04 Oct 2026 04:34 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਬੱਸ ਸਟੈਂਡ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਵਿਧਾਇਕਾ ਤੇ ਆਮ ਆਦਮੀ ਪਾਰਟੀ ਦੀ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ਕੰਮ ਦਾ ਜਾਇਜ਼ਾ ਲੈਣ ਤੇ ਮਟੀਰੀਅਲ ਦੀ ਗੁਣਵੱਤਾ ’ਤੇ ਸਵਾਲ ਉਠਾਉਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਆਪਣੇ ਸਾਥੀਆਂ ਸਮੇਤ ਬੱਸ ਸਟੈਂਡ ਦਾ ਦੌਰਾ ਕੀਤਾ। ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਬੱਸ ਸਟੈਂਡ ਦੇ ਨਿਰਮਾਣ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੰਮ ਲਈ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਲੰਬਾ ਸੰਘਰਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਬੱਸ ਸਟੈਂਡ ਵਿੱਚ ਗੋਡੇ-ਗੋਡੇ ਪਾਣੀ ਭਰਨ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਪਹਿਲਾਂ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਈ ਗਈ ਅਤੇ ਬਾਅਦ ਵਿੱਚ ਧਰਨਾ ਵੀ ਦਿੱਤਾ ਗਿਆ। ਉਨ੍ਹਾਂ ਦੇ ਦਾਅਵੇ ਅਨੁਸਾਰ ਧਰਨੇ ਦੌਰਾਨ ਪੀਆਰਟੀਸੀ ਅਧਿਕਾਰੀਆਂ ਵੱਲੋਂ ਪੱਤਰ ਦੇ ਕੇ ਅਗਸਤ ਵਿੱਚ ਕੰਮ ਸ਼ੁਰੂ ਕਰਨ ਅਤੇ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਭਾਗੀਵਾਂਦਰ ਨੇ ਕਿਹਾ ਕਿ ਉਹ ਚੰਗੇ ਕੰਮ ਦੀ ਹਮੇਸ਼ਾ ਸ਼ਲਾਘਾ ਕਰਨਗੇ। ਜੇਕਰ ਮੌਜੂਦਾ ਸਰਕਾਰ ਵਧੀਆ ਕੰਮ ਕਰਦੀ ਹੈ ਤਾਂ ਵਿਰੋਧੀ ਧਿਰ ਵੀ ਉਸ ਦੀ ਪ੍ਰਸ਼ੰਸਾ ਕਰੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦਾ ਕੰਮ ਕਿਸੇ ਇੱਕ ਸਰਕਾਰ ਦੀ ਪ੍ਰਾਪਤੀ ਵਜੋਂ ਪੇਸ਼ ਕਰਨ ਦੀ ਬਜਾਏ ਇਸ ਪਿੱਛੇ ਹੋਏ ਸੰਘਰਸ਼ ਨੂੰ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਰਣਵੀਰ ਸਿੰਘ ਸੇਖਪੁਰਾ, ਜਗਤਾਰ ਸਿੰਘ ਮੈਨੂੰਆਣਾ, ਦਿਲਪ੍ਰੀਤ ਸਿੰਘ, ਬਲਜੀਤ ਸਿੰਘ, ਰਾਜਾ ਸਿੰਘ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।