ਪੁਲਿਸ ਨੇ ਚੋਰੀ ਹੋਈ ਐਕਟਿਵਾ ਥੋੜ੍ਹੇ ਸਮੇਂ ’ਚ ਕੀਤੀ ਬਰਾਮਦ ਪੁਲਿਸ ਨੇ ਚੋਰੀ ਹੋਈ ਐਕਟਿਵਾ ਥੋੜ੍ਹੇ ਸਮੇਂ ਵਿੱਚ ਕੀਤੀ ਬਰਾਮਦ
Publish Date: Tue, 03 Nov 2026 03:58 PM (IST)
Updated Date: Tue, 03 Nov 2026 03:59 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਪੁਲਿਸ ਦੀ ਪੀਸੀਆਰ. ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਚੋਰੀ ਹੋਈ ਐਕਟਿਵਾ ਨੂੰ ਥੋੜ੍ਹੇ ਸਮੇਂ ਵਿਚ ਹੀ ਬਰਾਮਦ ਕਰ ਲਿਆ। ਡਾਇਲ 112 ’ਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਮਨੁੱਖੀ ਸੂਝ-ਬੂਝ ਦੀ ਮਦਦ ਨਾਲ ਐਕਟਿਵਾ ਦਾ ਪਤਾ ਲਗਾਇਆ ਤੇ ਅਗਲੀ ਕਾਨੂੰਨੀ ਕਾਰਵਾਈ ਲਈ ਚੌਕੀ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਸੀ.ਆਰ. ਪਾਰਟੀ ਨੂੰ ਡਾਇਲ 112 ਰਾਹੀਂ ਸੂਚਨਾ ਮਿਲੀ ਸੀ ਕਿ ਹਾਜੀ ਰਤਨ ਚੌਕ ਵਿਖੇ ਐੱਸ.ਬੀ.ਆਈ. ਬੈਂਕ ਦੇ ਨੇੜੇ ਇੱਕ ਐਕਟਿਵਾ ਚੋਰੀ ਹੋਣ ਸਬੰਧੀ ਸ਼ਿਕਾਇਤ ਹੈ। ਸੂਚਨਾ ਮਿਲਦਿਆਂ ਹੀ ਪੀਸੀਆਰ. ਕਰਮਚਾਰੀਆਂ ਨੇ ਬਿਨਾਂ ਦੇਰੀ ਕੀਤੇ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਐਕਟਿਵਾ 31 ਅਕਤੂਬਰ 2026 ਨੂੰ ਚੋਰੀ ਹੋ ਗਈ ਸੀ। ਇਸ ਸਬੰਧੀ ਉਸ ਵੱਲੋਂ ਪਹਿਲਾਂ ਹੀ ਚੌਕੀ ਸਿਵਲ ਹਸਪਤਾਲ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੀਸੀਆਰ ਪਾਰਟੀ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਕਰਮਚਾਰੀਆਂ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤੇ ਮਨੁੱਖੀ ਸੂਝ-ਬੂਝ ਦੀ ਵਰਤੋਂ ਕਰਦਿਆਂ ਐਕਟਿਵਾ ਦੀ ਭਾਲ ਕੀਤੀ। ਪੁਲਿਸ ਦੀ ਮੁਸਤੈਦੀ ਸਦਕਾ ਥੋੜ੍ਹੇ ਸਮੇਂ ਵਿਚ ਹੀ ਚੋਰੀ ਹੋਈ ਐਕਟਿਵਾ ਲੱਭ ਲਈ ਗਈ। ਇਸ ਤੋਂ ਬਾਅਦ ਵਾਹਨ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਚੌਕੀ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਪੁਲਿਸ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਪੁਲਿਸ ਦੀ ਮੁੱਖ ਤਰਜੀਹ ਹੈ। ਡਾਇਲ 112 ਰਾਹੀਂ ਮਿਲਣ ਵਾਲੀਆਂ ਸੂਚਨਾਵਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਸਮੇਂ ਸਿਰ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।