ਦੋ ਮਿੰਟਾਂ ’ਚ ਹੈਰੋਇਨ ਮਿਲਣ ਦੇ ਦਾਅਵੇ ਤੋਂ ਬਾਅਦ ਸੰਗਤ ਮੰਡੀ ’ਚ ਪੁਲਿਸ ਦਾ ਸ਼ਿਕੰਜਾ ਦੋ ਮਿੰਟਾਂ ’ਚ ਹੈਰੋਇਨ ਮਿਲਣ ਦੇ ਦਾਅਵੇ ਤੋਂ ਬਾਅਦ ਸੰਗਤ ਮੰਡੀ ’ਚ ਪੁਲਿਸ ਦਾ ਸ਼ਿਕੰਜਾ
Publish Date: Tue, 08 Sep 2026 06:48 PM (IST)
Updated Date: Tue, 08 Sep 2026 06:49 PM (IST)
ਵਾਈਰਲ ਵੀਡੀਓ ਨੇ ਖੋਲ੍ਹੀ ਨਸ਼ੇ ਦੇ ਕਾਰੋਬਾਰ ਦੀ ਪੋਲ, 20 ਟੀਮਾਂ ਦੇ 220 ਜਵਾਨਾਂ ਨੇ ਖੰਗਾਲਿਆ ਸੰਗਤ ਮੰਡੀ ਦਾ ਇਲਾਕਾ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ, ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੀਜ਼ਾ ਦੀ ਡਿਲੀਵਰੀ ਲਈ 30 ਮਿੰਟਾਂ ਦਾ ਇੰਤਜ਼ਾਰ ਤੇ ਹੈਰੋਇਨ ਦੀ ਡਿਲੀਵਰੀ ਮਹਿਜ਼ ਦੋ ਮਿੰਟਾਂ ਵਿੱਚ ਹੋਣ ਦੇ ਦਾਅਵੇ ਵਾਲੀ ਇਕ ਵਾਇਰਲ ਵੀਡੀਓ ਨੇ ਬਠਿੰਡਾ ਪੁਲਿਸ ਨੂੰ ਸੰਗਤ ਮੰਡੀ ਵਿਚ ਵੱਡਾ ਸਰਚ ਆਪਰੇਸ਼ਨ ਚਲਾਉਣ ਲਈ ਮਜਬੂਰ ਕਰ ਦਿੱਤਾ। ਇੰਟਰਨੈੱਟ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਕਰੀਬ ਤਿੰਨ ਦਿਨ ਬਾਅਦ ਮੰਗਲਵਾਰ ਸਵੇਰੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸੰਗਤ ਮੰਡੀ ਦੇ ਵੱਖ-ਵੱਖ ਇਲਾਕਿਆਂ ਨੂੰ ਖੰਗਾਲਿਆ। ਇਸ ਸਰਚ ਆਪਰੇਸ਼ਨ ਵਿਚ ਪੁਲਿਸ ਦੀਆਂ 20 ਟੀਮਾਂ ਦੇ ਕਰੀਬ 220 ਪੁਲਿਸ ਜਵਾਨ ਸ਼ਾਮਲ ਰਹੇ। ਸਵੇਰੇ ਤੜਕੇ ਸ਼ੁਰੂ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਦੇ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਇਲਾਕਿਆਂ ਅਤੇ ਸ਼ੱਕੀ ਬਸਤੀਆਂ ਨੂੰ ਨਿਸ਼ਾਨਾ ਬਣਾਇਆ। ਜਵਾਨਾਂ ਵੱਲੋਂ ਕਈ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਉੱਥੇ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਸ਼ੱਕੀ ਗਤੀਵਿਧੀਆਂ ਨਾਲ ਜੁੜੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਸੂਚਨਾ ਵੀ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਅਨੁਸਾਰ ਕੁਝ ਹਿਰਾਸਤ ਵਿੱਚ ਲਏ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਮਿਲਣ ਦੀ ਵੀ ਜਾਣਕਾਰੀ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਮਾਤਰਾ ਅਤੇ ਹਿਰਾਸਤ ਵਿਚ ਲਏ ਵਿਅਕਤੀਆਂ ਸਬੰਧੀ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਵਾਇਰਲ ਵੀਡੀਓ ਨੇ ਪੁਲਿਸ ਸਾਹਮਣੇ ਖੜ੍ਹੀ ਕੀਤੀ ਚੁਣੌਤੀ ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਉਸ ਵਾਇਰਲ ਵੀਡੀਓ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਸੰਗਤ ਮੰਡੀ ਖੇਤਰ ਵਿੱਚ ਕਥਿਤ ਤੌਰ ’ਤੇ ਹੈਰੋਇਨ ਦੀ ਖੁੱਲ੍ਹੇਆਮ ਵਿਕਰੀ ਹੋਣ ਦੇ ਦਾਅਵੇ ਕੀਤੇ ਗਏ ਸਨ। ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਇਹ ਵੀਡੀਓ ਬਣਾਈ ਗਈ ਸੀ ਅਤੇ ਇਸ ਨੂੰ ਇੰਟਰਨੈੱਟ ਮੀਡੀਆ ’ਤੇ ਵਾਇਰਲ ਕੀਤਾ ਗਿਆ। ਵੀਡੀਓ ਰਾਹੀਂ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ’ਤੇ ਸਵਾਲ ਚੁੱਕੇ ਗਏ ਸਨ। ਵਾਇਰਲ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਜਿੱਥੇ ਪੀਜ਼ਾ ਦੀ ਡਿਲੀਵਰੀ ਲਈ ਗਾਹਕ ਨੂੰ 30 ਮਿੰਟਾਂ ਤਕ ਉਡੀਕ ਕਰਨੀ ਪੈਂਦੀ ਹੈ, ਉੱਥੇ ਹੈਰੋਇਨ ਦੀ ਡਿਲੀਵਰੀ ਮਹਿਜ਼ ਦੋ ਮਿੰਟਾਂ ਵਿੱਚ ਹੋ ਰਹੀ ਹੈ। ਇਸ ਦਾਅਵੇ ਨੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਸੰਗਤ ਮੰਡੀ ਵੱਲ ਖਿੱਚਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੇ ਪੱਧਰ ’ਤੇ ਸਰਚ ਆਪਰੇਸ਼ਨ ਦੀ ਯੋਜਨਾ ਬਣਾਈ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤੀ ਪਤਨੀ ’ਤੇ ਕੇਸ, ਤਿੰਨ ਗ੍ਰਾਮ ਹੈਰੋਇਨ ਬਰਾਮਦ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਪਤੀ ਪਤਨੀ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕਬਜ਼ੇ ’ਚੋਂ ਕਰੀਬ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਵੀ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਨਸ਼ੇ ਦੀ ਕਥਿਤ ਖੁੱਲ੍ਹੇਆਮ ਵਿਕਰੀ ਨਾਲ ਸਬੰਧਤ ਇਕ ਹੋਰ ਵੀਡੀਓ ਸਾਹਮਣੇ ਆਉਣ ਕਾਰਨ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਹੋਣ ਲੱਗੇ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਮੰਗਲਵਾਰ ਨੂੰ ਸੰਗਤ ਮੰਡੀ ਵਿਚ ਵਿਆਪਕ ਪੱਧਰ ’ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਗਲੀਆਂ ਤੋਂ ਲੈ ਕੇ ਘਰਾਂ ਤਕ ਪਹੁੰਚੀਆਂ ਪੁਲਿਸ ਟੀਮਾਂ ਸਰਚ ਆਪਰੇਸ਼ਨ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਗਲੀਆਂ ਅਤੇ ਸ਼ੱਕੀ ਬਸਤੀਆਂ ਵਿੱਚ ਤਲਾਸ਼ੀ ਲੈਣ ਦੇ ਨਾਲ-ਨਾਲ ਘਰਾਂ ਦੀ ਵੀ ਜਾਂਚ ਕੀਤੀ। ਪੁਲਿਸ ਮੁਲਾਜ਼ਮਾਂ ਨੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਕੇ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ’ਤੇ ਨਸ਼ਾ ਵੇਚਣ ਜਾਂ ਇਸ ਨਾਲ ਜੁੜੀਆਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਸੂਤਰਾਂ ਮੁਤਾਬਕ ਕਾਰਵਾਈ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਕੁਝ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਵੀ ਹੈ, ਪਰ ਬਰਾਮਦਗੀ ਦੀ ਮਾਤਰਾ ਅਤੇ ਮਾਮਲੇ ਨਾਲ ਜੁੜੇ ਹੋਰ ਵੇਰਵਿਆਂ ਬਾਰੇ ਪੁਲਿਸ ਵੱਲੋਂ ਅਧਿਕਾਰਤ ਤੌਰ ’ਤੇ ਜਾਣਕਾਰੀ ਜਾਰੀ ਕੀਤੀ ਜਾਣੀ ਬਾਕੀ ਹੈ। ਵਾਇਰਲ ਵੀਡੀਓ ’ਤੇ ਐੱਸਪੀ ਨੇ ਲਿਆ ਤੁਰੰਤ ਨੋਟਿਸ ਐੱਸਪੀ ਹੈੱਡਕੁਆਰਟਰ ਜਗਦੀਸ਼ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਸੰਗਤ ਮੰਡੀ ਖੇਤਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਦੀ ਜਾਣਕਾਰੀ ਸਾਹਮਣੇ ਆਈ ਸੀ। ਪੁਲਿਸ ਪ੍ਰਸ਼ਾਸਨ ਨੇ ਵੀਡੀਓ ਦਾ ਤੁਰੰਤ ਨੋਟਿਸ ਲੈਂਦਿਆਂ ਮੰਗਲਵਾਰ ਨੂੰ ਵੱਡੇ ਪੱਧਰ ’ਤੇ ਸਰਚ ਆਪਰੇਸ਼ਨ ਚਲਾਇਆ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਜਾਂ ਇਸ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਅਭਿਆਨ ਕਿਸੇ ਇੱਕ ਕਾਰਵਾਈ ਤੱਕ ਸੀਮਤ ਨਹੀਂ ਰਹੇਗਾ। ਸੰਵੇਦਨਸ਼ੀਲ ਅਤੇ ਸ਼ੱਕੀ ਇਲਾਕਿਆਂ ਵਿੱਚ ਅੱਗੇ ਵੀ ਸਰਚ ਆਪਰੇਸ਼ਨ ਜਾਰੀ ਰੱਖੇ ਜਾਣਗੇ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।