ਬਠਿੰਡਾ ’ਚ ਅੱਜ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਬੰਦ 26 ਨੰਬਰ ਦੀ ਜਗ੍ਹਾ ਇਹ ਖਬਰ ਲੈ ਲਈ ਜਾਵੇ ਜੀ
Publish Date: Thu, 20 Aug 2026 06:44 PM (IST)
Updated Date: Fri, 21 Aug 2026 04:06 AM (IST)
* ਸੱਤ ਥਾਈਂ ਧਰਨਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ * ਬਠਿੰਡਾ-ਚੰਡੀਗੜ੍ਹ, ਬਠਿੰਡਾ-ਫ਼ਰੀਦਕੋਟ, ਬਠਿੰਡਾ-ਮਲੋਟ ਰੋਡ, ਬਠਿੰਡਾ-ਮਾਨਸਾ ਰੋਡ, ਬਠਿੰਡਾ-ਬਾਜਾਖਾਨਾ ਰੋਡ, ਬਠਿੰਡਾ-ਮੋਲਟ ਰੋਡ ਹੋਵੇਗੀ ਜਾਮ * ਰੇਲ ਗੱਡੀਆਂ ਤੋਂ ਇਲਾਵਾ ਸ਼ਹਿਰ ਦੇ ਚੌਕਾਂ ਤੇ ਬੱਸ ਸਟੈਂਡ ’ਤੇ ਵੀ ਪੈ ਸਕਦਾ ਹੈ ਅਸਰ * ਬਾਹਰ ਜਾਣ ਦਾ ਪ੍ਰੋਗਰਾਮ ਹੈ ਤਾਂ ਸੋਚ-ਸਮਝ ਕੇ ਨਿਕਲੋ, ਸਕੂਲਾਂ ਅਤੇ ਬੱਸਾਂ ਦੀ ਸਥਿਤੀ ਹਾਲੇ ਸਪੱਸ਼ਟ ਨਹੀਂ ਫੋਟੋ:38 ਕੈਪਸ਼ਨ: ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਥੇਦਾਰ ਬਾਬਾ ਆਤਮਾ ਸਿੰਘ ਤੇ ਹੋਰ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜੇਕਰ ਅੱਜ ਤੁਸੀਂ ਘਰ ਤੋਂ ਬਾਹਰ ਕਿਸੇ ਜ਼ਰੂਰੀ ਕੰਮ ਲਈ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਰਵਾਨਾ ਹੋਣ ਤੋਂ ਪਹਿਲਾਂ ਰਸਤੇ ਦੀ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਲੈ ਲਓ। ਬਠਿੰਡਾ ਜ਼ਿਲ੍ਹੇ ’ਚ ਵੱਖ-ਵੱਖ ਧਾਰਮਿਕ ਤੇ ਜਨਤਕ ਜਥੇਬੰਦੀਆਂ ਵੱਲੋਂ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ’ਚ ਸੱਤ ਪ੍ਰਮੁੱਖ ਥਾਵਾਂ ’ਤੇ ਧਰਨੇ ਲਗਾਏ ਜਾਣਗੇ। ਧਰਨਿਆਂ ਕਾਰਨ ਇਨ੍ਹਾਂ ਰਸਤਿਆਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੱਖ-ਵੱਖ ਸੰਗਠਨਾਂ ਵੱਲੋਂ ਇਹ ਬੰਦ ਕੇਂਦਰੀ ਇਨਸਾਫ਼ ਮੋਰਚਾ ਦੇ ਸੱਦੇ ’ਤੇ ਕੀਤਾ ਜਾ ਰਿਹਾ ਹੈ। ਸੰਗਠਨਾਂ ਦਾ ਕਹਿਣਾ ਹੈ ਕਿ 31 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਅੱਗੇ ਆਵਾਜ਼ ਉਠਾਈ ਜਾ ਰਹੀ ਹੈ, ਪਰ ਉਨ੍ਹਾਂ ਅਨੁਸਾਰ ਹਾਲੇ ਤਕ ਇਸ ਮਾਮਲੇ ਵਿੱਚ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ। ਕਰੀਬ ਸਾਢੇ ਤਿੰਨ ਸਾਲ ਤੋਂ ਚੰਡੀਗੜ੍ਹ ਵਿਚ ਮੋਰਚਾ ਚੱਲ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਫੂਲ, ਦਮਦਮੀ ਟਕਸਾਲ ਸੇਵਕ ਜਥੇ ਦੇ ਮਾਲਵਾ ਜੋਨ ਦੇ ਮੁਖੀ ਬਾਬਾ ਆਤਮਾ ਸਿੰਘ ਚਹਿਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ, ਵਾਰਿਸ ਪੰਜਾਬ ਸੰਗਠਨ ਦੇ ਚਮਕੌਰ ਸਿੰਘ, ਪੁਨਰ ਸੁਰਜੀਤ ਅਕਾਲੀ ਦਲ ਦੇ ਭੋਲਾ ਸਿੰਘ ਗਿੱਲਪੱਤੀ ਅਤੇ ਹਰਸਿਮਰਨ ਸਿੰਘ ਖਾਲਸਾ ਨੇ ਬੰਦ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ 15 ਅਗਸਤ ਨੂੰ ਚੰਡੀਗੜ੍ਹ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ। ਇਸ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਮਾਤਾ ਦੀ ਗੰਭੀਰ ਸਿਹਤ ਸਥਿਤੀ ਨੂੰ ਦੇਖਦਿਆਂ ਪੈਰੋਲ ਦੇਣ ਦੀ ਮੰਗ ਕੀਤੀ ਗਈ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਜਗਤਾਰ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਵੀ ਪੈਰੋਲ ’ਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਸੰਗਠਨਾਂ ਦੇ ਆਗੂਆਂ ਅਨੁਸਾਰ ਦੋਵਾਂ ਵੱਲੋਂ ਪੈਰੋਲ ਲਈ ਅਰਜ਼ੀ ਦਿੱਤੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਆਪਣੇ ਫਰਜਾਂ ਤੋਂ ਭੱਲ ਨਹੀਂ ਸਕਦੀ। ਸੁਰਜੀਤ ਫੂਲ ਨੇ ਕਿਹਾ ਕਿ ਉਨ੍ਹਾਂ ਅਨੁਸਾਰ ਇਹ ਬੰਦ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਨਾਲ ਜੁੜਿਆ ਮਾਮਲਾ ਨਹੀਂ ਹੈ, ਸਗੋਂ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮੁੱਦਾ ਹੈ। ਉਨ੍ਹਾਂ ਕਿਹਾ ਕਿ ਸੰਗਠਨਾਂ ਵੱਲੋਂ ਲੰਬੇ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਨ੍ਹਾਂ ਥਾਵਾਂ ’ਤੇ ਲੱਗਣਗੇ ਧਰਨੇ ਬੰਦ ਦਾ ਸਭ ਤੋਂ ਵੱਧ ਅਸਰ ਬਠਿੰਡਾ-ਚੰਡੀਗੜ੍ਹ ਰੋਡ ’ਤੇ ਸਥਿਤ ਰਾਮਪੁਰਾ ਮੰਡੀ ਚੌਕ, ਬਠਿੰਡਾ-ਫਰੀਦਕੋਟ ਰੋਡ ’ਤੇ ਜੀਦਾ ਟੋਲ ਪਲਾਜ਼ਾ, ਬਠਿੰਡਾ-ਮਾਨਸਾ ਰੋਡ ’ਤੇ ਮੌੜ ਚੌਕ ਅਤੇ ਬਠਿੰਡਾ-ਬਾਜਾਖਾਨਾ ਰੋਡ ’ਤੇ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਬਠਿੰਡਾ ਮਲੋਟ ਰੋਡ ’ਤੇ ਸ਼ਹਿਰ ਦੇ ਘਣੱਈਆ ਚੌਕ, ਬੱਸ ਸਟੈਂਡ ਅਤੇ ਬਠਿੰਡਾ ਮਾਨਸਾ ਰੋਡ ਸਥਿਤ ਅੰਡਰਬ੍ਰਿਜ ਨੇੜੇ ਵੀ ਧਰਨੇ ਲਗਾਏ ਜਾਣਗੇ। ਇਨ੍ਹਾਂ ਸਾਰੀਆਂ ਥਾਵਾਂ ’ਤੇ ਸਵੇਰ ਤੋਂ ਹੀ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਆਗੂਆਂ ਨੇ ਦੱਸਿਆ ਕਿ ਸਕੂਲ, ਦੁਕਾਨਾਂ, ਸੜਕਾਂ ਤੇ ਰੇਲਾਂ ਬੰਦ ਰਹਿਣਗੀਆਂ। ਬੱਸਾਂ ਰਹਿਣਗੀਆਂ ਬੰਦ ਬੰਦ ਦਾ ਅਸਰ ਜਨਤਕ ਆਵਾਜਾਈ ’ਤੇ ਵੀ ਪੈਣ ਦੀ ਸੰਭਾਵਨਾ ਹੈ। ਮਾਲਵਾ ਪ੍ਰਾਈਵੇਟ ਬੱਸ ਆਪਰੇਟਰ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਬੱਸਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਲਈ ਬੱਸ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਸਥਿਤੀ ਦੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਸਕੂਲਾਂ ਨੂੰ ਲੈ ਕੇ ਵੀ ਫਿਲਹਾਲ ਕੋਈ ਅਧਿਕਾਰਤ ਬੰਦ ਦਾ ਹੁਕਮ ਨਹੀਂ ਆਇਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਸੇਠੀ ਨੇ ਦੱਸਿਆ ਕਿ ਸਰਕਾਰ ਵੱਲੋਂ ਹਾਲੇ ਤਕ ਸਕੂਲ ਬੰਦ ਕਰਨ ਸਬੰਧੀ ਕੋਈ ਸੰਦੇਸ਼ ਨਹੀਂ ਮਿਲਿਆ। ਜੇਕਰ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਹੁੰਦਾ ਹੈ ਤਾਂ ਉਸ ਨੂੰ ਲਾਗੂ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਮੰਨਿਆ ਕਿ ਬੰਦ ਕਾਰਨ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਆਉਣ-ਜਾਣ ਵਿੱਚ ਮੁਸ਼ਕਲ ਹੋ ਸਕਦੀ ਹੈ। ਜ਼ਰੂਰੀ ਹੋਣ ’ਤੇ ਹੀ ਘਰੋਂ ਨਿਕਲਣ ਦੀ ਸਲਾਹ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਮਪੁਰਾ ਮੰਡੀ ਚੌਕ, ਜੀਦਾ ਟੋਲ ਪਲਾਜ਼ਾ, ਮੌੜ ਚੌਕ, ਬਠਿੰਡਾ-ਬਾਜਾਖਾਨਾ ਰੋਡ, ਘਣੱਈਆ ਚੌਕ, ਬੱਸ ਸਟੈਂਡ ਅਤੇ ਮਾਨਸਾ ਰੋਡ ਅੰਡਰਬ੍ਰਿਜ ਦੇ ਆਸ-ਪਾਸ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਖਾਸ ਕਰਕੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਰਸਤੇ ਦੀ ਸਥਿਤੀ ਦੀ ਜਾਂਚ ਕਰਨ ਅਤੇ ਸੰਭਵ ਹੋਵੇ ਤਾਂ ਬਦਲਵਾਂ ਰਸਤਾ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਬੰਦ ਕਾਰਨ ਬਾਜ਼ਾਰਾਂ, ਆਵਾਜਾਈ ਅਤੇ ਆਮ ਜਨਜੀਵਨ ’ਤੇ ਕਿੰਨਾ ਅਸਰ ਪਵੇਗਾ, ਇਹ ਮੌਕੇ ਦੀ ਸਥਿਤੀ ’ਤੇ ਨਿਰਭਰ ਕਰੇਗਾ। ਇਸ ਲਈ ਜਿਨ੍ਹਾਂ ਲੋਕਾਂ ਨੂੰ ਅੱਜ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੈ, ਉਹ ਆਪਣੇ ਸਫ਼ਰ ਲਈ ਵਾਧੂ ਸਮਾਂ ਰੱਖਣ। ਗੈਰ-ਜ਼ਰੂਰੀ ਯਾਤਰਾ ਨੂੰ ਸੰਭਵ ਹੋਵੇ ਤਾਂ ਦੁਪਹਿਰ 2 ਵਜੇ ਤੋਂ ਬਾਅਦ ਤੱਕ ਟਾਲਣਾ ਬਿਹਤਰ ਰਹੇਗਾ। ਸਵੇਰ ਸਮੇਂ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।