ਬਠਿੰਡਾ ਦੀਆਂ ਪੇਂਡੂ ਮਹਿਲਾਵਾਂ ਦੀ ਫੁਲਕਾਰੀ ਕਲਾ ਨੇ ਬੈਂਗਲੁਰੂ ’ਚ ਬਣਾਈ ਪਛਾਣ ਬਠਿੰਡਾ ਦੀਆਂ ਪੇਂਡੂ ਮਹਿਲਾਵਾਂ ਦੀ ਫੁਲਕਾਰੀ ਕਲਾ ਨੇ ਬੈਂਗਲੁਰੂ ’ਚ ਬਣਾਈ ਪਛਾਣ
Publish Date: Mon, 12 Oct 2026 04:59 PM (IST)
Updated Date: Mon, 12 Oct 2026 05:02 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ, ਪੰਜਾਬ ਦੀ ਰਵਾਇਤੀ ਫੁਲਕਾਰੀ ਕਢਾਈ ਕਲਾ ਨੂੰ ਸੰਭਾਲਣ ਤੇ ਪੇਂਡੂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਆਤਮਨਿਰਭਰ ਬਣਾਉਣ ਲਈ ਐੱਚਐੱਮਈਐੱਲ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ‘ਫੁਲਕਾਰੀ ਆਫ਼ ਪੰਜਾਬ ਕੋਆਪਰੇਟਿਵ ਸੋਸਾਇਟੀ ਲਿਮਟਿਡ, ਬਠਿੰਡਾ’ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਪਹਿਲਕਦਮੀ ਰਾਹੀਂ ਪਿੰਡਾਂ ਦੀਆਂ ਮਹਿਲਾਵਾਂ ਦੇ ਰਵਾਇਤੀ ਹੁਨਰ ਨੂੰ ਰੋਜ਼ਗਾਰ ਅਤੇ ਆਮਦਨ ਦੇ ਮੌਕਿਆਂ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਲਾਲੇਆਣਾ ਦੀ ਸੋਨੀ ਕੌਰ ਅਤੇ ਪਿੰਡ ਮਹਿਣਾੰਗਲ ਦੀ ਸੁਖਪ੍ਰੀਤ ਕੌਰ ਨੇ 7 ਅਤੇ 8 ਅਕਤੂਬਰ, 2026 ਨੂੰ ਬੈਂਗਲੁਰੂ ਵਿਖੇ ਕਰਵਾਏ ਗਏ ‘ਅਪੈਰਲ ਸੋਰਸ ਵੀਕ’ ਵਿੱਚ ਭਾਗ ਲਿਆ। ਐੱਚ.ਐੱਮ.ਈ.ਐੱਲ. ਦੇ ਸਹਿਯੋਗ ਨਾਲ ਦੋਵਾਂ ਮਹਿਲਾ ਕਾਰੀਗਰਾਂ ਨੇ ਬਠਿੰਡਾ ਦੇ ਪੇਂਡੂ ਖੇਤਰਾਂ ਵਿੱਚ ਤਿਆਰ ਕੀਤੀ ਜਾਂਦੀ ਰਵਾਇਤੀ ਫੁਲਕਾਰੀ ਕਲਾ ਨੂੰ ਕੌਮੀ ਪੱਧਰ ਦੇ ਮੰਚ ’ਤੇ ਪੇਸ਼ ਕੀਤਾ। ਸਹਿਕਾਰੀ ਸਭਾ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਇਹ ਉਸ ਦੀ ਪਹਿਲੀ ਪ੍ਰਦਰਸ਼ਨੀ ਸੀ, ਜਿਸ ਨੇ ਮਹਿਲਾ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣ ਅਤੇ ਨਵੇਂ ਖਰੀਦਦਾਰਾਂ ਨਾਲ ਸੰਪਰਕ ਬਣਾਉਣ ਦਾ ਮੌਕਾ ਦਿੱਤਾ। ਸਹਿਕਾਰੀ ਸਭਾ ਨੇ ਆਪਣੀ ਸ਼ੁਰੂਆਤ ਦੇ ਥੋੜ੍ਹੇ ਸਮੇਂ ਵਿੱਚ ਹੀ ਵਿਕਰੀ ਅਤੇ ਪੱਕੇ ਹੋਏ ਆਰਡਰਾਂ ਰਾਹੀਂ ਮਹਿਲਾ ਕਾਰੀਗਰਾਂ ਲਈ ਆਮਦਨ ਦੇ ਮੌਕੇ ਪੈਦਾ ਕੀਤੇ ਹਨ। ਇਸ ਨਾਲ ਉਨ੍ਹਾਂ ਦੇ ਰਵਾਇਤੀ ਹੁਨਰ ਨੂੰ ਬਾਜ਼ਾਰ ਤੱਕ ਪਹੁੰਚਾਉਣ ਅਤੇ ਫੁਲਕਾਰੀ ਉਤਪਾਦਾਂ ਦੀ ਮੰਗ ਵਧਾਉਣ ਵਿਚ ਮਦਦ ਮਿਲ ਰਹੀ ਹੈ। ਐੱਚ.ਐੱਮ.ਈ.ਐੱਲ. ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪ੍ਰੋਗਰਾਮ ਤਹਿਤ ਹੁਣ ਤੱਕ 300 ਤੋਂ ਵੱਧ ਪੇਂਡੂ ਮਹਿਲਾਵਾਂ ਨੂੰ ਫੁਲਕਾਰੀ ਕਢਾਈ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ।