ਮਾਨਸਿਕ ਤੰਦਰੁਸਤੀ ਤੇ ਅਧਰੰਗ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਮਾਨਸਿਕ ਤੰਦਰੁਸਤੀ ਅਤੇ ਅਧਰੰਗ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Publish Date: Sat, 31 Oct 2026 04:47 PM (IST)
Updated Date: Sat, 31 Oct 2026 04:49 PM (IST)
ਹਰਪ੍ਰੀਤ ਮੰਦੇਸ਼ਾ, ਪੰਜਾਬੀ ਜਾਗਰਣ ਨਥਾਣਾ, ਪੰਜਾਬ ਸਰਕਾਰ ਦੇ ਹੁਕਮਾਂ ਤੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਬਲਾਕ ਨਥਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਸਿਹਤ ਸੰਭਾਲ ਤੇ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਨਥਾਣਾ ਵਿਖੇ ਨਾਗਰਿਕਾਂ ਨੂੰ ਮਾਨਸਿਕ ਤੰਦਰੁਸਤੀ ਅਤੇ ਅਧਰੰਗ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਕਿਹਾ ਕਿ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਬੇਹੱਦ ਜ਼ਰੂਰੀ ਹੈ। ਮੌਜੂਦਾ ਸਮੇਂ ਵਿੱਚ ਬਦਲਦੀ ਜੀਵਨ ਸ਼ੈਲੀ, ਸਮਾਜਿਕ ਸਹਿਯੋਗ ਦੀ ਘਾਟ ਅਤੇ ਪਰਿਵਾਰਾਂ ਦੇ ਛੋਟੇ ਹੋਣ ਕਾਰਨ ਲੋਕ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਨਾਲ ਆਪਣੀਆਂ ਮਾਨਸਿਕ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਸਿਹਤ ਸਬੰਧੀ ਸਲਾਹ ਲੈਣ ਲਈ ਸਿਹਤ ਵਿਭਾਗ ਵੱਲੋਂ ਟੈਲੀ ਮਾਨਸ ਯੋਜਨਾ ਚਲਾਈ ਜਾ ਰਹੀ ਹੈ। ਇਸ ਤਹਿਤ ਟੋਲ ਫ੍ਰੀ ਨੰਬਰ 14416 ਜਾਂ 1800-891-4416 ਤੇ ਫੋਨ ਕਰਕੇ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰ ਮੁਫ਼ਤ ਮਸ਼ਵਰਾ ਲੈ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿਖੇ ਵੀ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਹੈ। ਅਧਰੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਿਮਾਗ ਦਾ ਦੌਰਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਵਿੱਚ ਦਿਮਾਗ ਦੀ ਨਸ ਵਿੱਚ ਖੂਨ ਦਾ ਥੱਕਾ ਜੰਮ ਜਾਂਦਾ ਹੈ, ਜਦਕਿ ਦੂਜੇ ਵਿੱਚ ਨਸ ਫਟਣ ਕਾਰਨ ਦਿਮਾਗ ਵਿੱਚ ਖੂਨ ਇਕੱਠਾ ਹੋ ਜਾਂਦਾ ਹੈ। ਦੋਵੇਂ ਸਥਿਤੀਆਂ ਗੰਭੀਰ ਹੋ ਸਕਦੀਆਂ ਹਨ ਅਤੇ ਮਰੀਜ਼ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਧਰੰਗ ਦੇ ਲੱਛਣ ਦਿਖਾਈ ਦੇਣ ਤੇ ਬਿਨਾਂ ਦੇਰੀ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਜਾਵੇ, ਤਾਂ ਜੋ ਸਮੇਂ ਸਿਰ ਇਲਾਜ ਕਰਕੇ ਕੀਮਤੀ ਜਾਨ ਬਚਾਈ ਜਾ ਸਕੇ।