ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਟੈਲੀ ਮਾਨਸ ਹੈਲਪਲਾਈਨ 14416 ਬਾਰੇ ਲੋਕਾਂ ਨੂੰ ਕੀਤਾ ਜਾਗਰੂਕ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਟੈਲੀ ਮਾਨਸ ਹੈਲਪਲਾਈਨ 14416 ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
Publish Date: Wed, 04 Nov 2026 04:39 PM (IST)
Updated Date: Wed, 04 Nov 2026 04:41 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ, ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਮਾਨਸਿਕ ਰੋਗਾਂ ਦੇ ਇਲਾਜ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਾ. ਤਪਿੰਦਰਜੋਤ, ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਮਾ ਗੁਪਤਾ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਭਗਤਾ ਭਾਈਕਾ ਵਿਖੇ ਟੈਲੀ ਮਾਨਸ ਪੰਜਾਬ ਦੇ ਟੋਲ ਫਰੀ ਨੰਬਰ 14416 ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਗੁਰਪ੍ਰੀਤ ਸਿੰਘ, ਏ.ਐੱਨ.ਐੱਮ. ਅਮਨਦੀਪ ਕੌਰ ਅਤੇ ਸੀ.ਐੱਚ.ਓ. ਡਾ. ਪ੍ਰਿਯੰਕਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਕੋਈ ਵੀ ਵਿਅਕਤੀ ਟੋਲ ਫਰੀ ਨੰਬਰ 14416 ’ਤੇ ਕਾਲ ਕਰਕੇ ਮਾਨਸਿਕ ਸਿਹਤ ਸਬੰਧੀ ਮੁਫ਼ਤ ਸਲਾਹ ਅਤੇ ਕਾਊਂਸਲਿੰਗ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਾਸੀ, ਚਿੰਤਾ, ਨੀਂਦ ਨਾ ਆਉਣਾ, ਮਾਨਸਿਕ ਤਣਾਅ, ਵਹਿਮ-ਭਰਮ ਅਤੇ ਖ਼ੁਦਕੁਸ਼ੀ ਦੇ ਵਿਚਾਰ ਆਉਣਾ ਮਾਨਸਿਕ ਸਿਹਤ ਸਮੱਸਿਆਵਾਂ ਦੇ ਲੱਛਣ ਹੋ ਸਕਦੇ ਹਨ। ਅਜਿਹੀਆਂ ਸਮੱਸਿਆਵਾਂ ਨੂੰ ਲੁਕਾਉਣ ਦੀ ਬਜਾਏ ਮਾਹਿਰਾਂ ਨਾਲ ਸਾਂਝਾ ਕਰਨਾ ਅਤੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਮਾਨਸਿਕ ਰੋਗ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੇ ਹਨ ਅਤੇ ਇਨ੍ਹਾਂ ਦਾ ਇਲਾਜ ਸੰਭਵ ਹੈ। ਸਰਕਾਰੀ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਵੀ ਮੁਫ਼ਤ ਉਪਲਬਧ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 14416 ਨੰਬਰ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਤੋਂ ਇਲਾਵਾ ਪੇਂਡੂ ਸਿਹਤ ਅਤੇ ਖੁਰਾਕ ਕਮੇਟੀਆਂ, ਮਮਤਾ ਦਿਵਸ, ਸਕੂਲਾਂ ਅਤੇ ਕਾਲਜਾਂ ਵਿੱਚ ਵੀ ਸਿਹਤ ਕਰਮਚਾਰੀਆਂ ਵੱਲੋਂ ਟੈਲੀ ਮਾਨਸ ਹੈਲਪਲਾਈਨ ਅਤੇ ਐਪ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ, ਤਾਂ ਜੋ ਲੋਕ ਘਰ ਬੈਠੇ ਹੀ ਮਾਨਸਿਕ ਸਿਹਤ ਸਬੰਧੀ ਮਾਹਿਰਾਂ ਦੀ ਸਲਾਹ ਪ੍ਰਾਪਤ ਕਰ ਸਕਣ।