- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਰੈਬੀਜ਼ ਦਿਵਸ ਮੌਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਕੀਤਾ ਜਾਗਰੂਕ

ਸੀਨੀਅਰ ਰਿਪੋਰਟਰ
ਬਠਿੰਡਾ
ਵਿਸ਼ਵ ਰੈਬੀਜ਼ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਰੈਬੀਜ਼ ਦੀ ਬਿਮਾਰੀ, ਇਸ ਦੇ ਖ਼ਤਰੇ ਤੇ ਬਚਾਅ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਨਾ ਹੈ। ਵਿਸ਼ਵ ਰੈਬੀਜ਼ ਦਿਵਸ ਦੀ ਸ਼ੁਰੂਆਤ ਸਾਲ 2007 ਵਿਚ ਗਲੋਬਲ ਅਲਾਇੰਸ ਫਾਰ ਰੈਬੀਜ਼ ਕੰਟਰੋਲ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਹ ਦਿਨ ਮਸ਼ਹੂਰ ਫਰੈਂਚ ਵਿਗਿਆਨੀ ਲੂਈ ਪਾਸਚਰ ਦੀ ਬਰਸੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਦੁਨੀਆ ਦੀ ਪਹਿਲੀ ਰੈਬੀਜ਼ ਵੈਕਸੀਨ ਤਿਆਰ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਰੈਬੀਜ਼ ਇਕ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ, ਜੋ ਮੁੱਖ ਤੌਰ ’ਤੇ ਸੰਕਰਮਿਤ ਜਾਨਵਰ ਦੇ ਕੱਟਣ ਨਾਲ ਫੈਲਦੀ ਹੈ। ਇਹ ਵਾਇਰਸ ਦਿਮਾਗ ਅਤੇ ਤੰਤੂ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਮੇਂ ਸਿਰ ਇਲਾਜ ਨਾ ਮਿਲਣ ’ਤੇ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਰੈਬੀਜ਼ ਦੇ 90 ਫੀਸਦੀ ਤੋਂ ਵੱਧ ਮਾਮਲੇ ਕੁੱਤੇ ਦੇ ਕੱਟਣ ਨਾਲ ਹੁੰਦੇ ਹਨ। ਇਸ ਤੋਂ ਇਲਾਵਾ ਬਾਂਦਰ, ਚਮਗਿੱਦੜ, ਨਿਊਲਾ, ਬਿੱਲੀ ਅਤੇ ਜੰਗਲੀ ਚੂਹੇ ਦੇ ਕੱਟਣ ਨਾਲ ਵੀ ਇਹ ਬਿਮਾਰੀ ਹੋ ਸਕਦੀ ਹੈ।
ਡਾ. ਸ਼ਰਮਾ ਨੇ ਕਿਹਾ ਕਿ ਰੈਬੀਜ਼ ਤੋਂ ਬਚਾਅ ਲਈ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬੀਟਾਡੀਨ ਲਾਈ ਜਾ ਸਕਦੀ ਹੈ। ਜ਼ਖ਼ਮ ’ਤੇ ਪੱਟੀ ਜਾਂ ਟਾਂਕੇ ਨਹੀਂ ਲਾਉਣੇ ਚਾਹੀਦੇ ਅਤੇ ਤੁਰੰਤ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ, ਜਿੱਥੇ ਐਂਟੀ-ਰੈਬੀਜ਼ ਟੀਕੇ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੀਕੇ ਡਾਕਟਰੀ ਸਲਾਹ ਅਨੁਸਾਰ ਨਿਰਧਾਰਤ ਸਮੇਂ ’ਤੇ ਲਗਵਾਉਣੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਬੁਖਾਰ, ਸਿਰਦਰਦ, ਬੇਚੈਨੀ, ਘਬਰਾਹਟ, ਪਾਣੀ ਤੋਂ ਡਰ ਅਤੇ ਲਕਵੇ ਵਰਗੇ ਲੱਛਣ ਰੈਬੀਜ਼ ਨਾਲ ਸਬੰਧਤ ਹੋ ਸਕਦੇ ਹਨ। ਲੋਕਾਂ ਨੂੰ ਵਹਿਮ-ਭਰਮ ਵਿੱਚ ਪੈ ਕੇ ਝਾੜਾ ਕਰਵਾਉਣ ਜਾਂ ਜ਼ਖ਼ਮ ’ਤੇ ਮਿਰਚਾਂ, ਤੇਲ, ਚੂਨਾ ਜਾਂ ਜੜੀ-ਬੂਟੀਆਂ ਵਰਗੇ ਘਰੇਲੂ ਨੁਸਖੇ ਵਰਤਣ ਤੋਂ ਬਚਣਾ ਚਾਹੀਦਾ ਹੈ। ਪਾਲਤੂ ਕੁੱਤਿਆਂ ਨੂੰ ਵੀ ਸਮੇਂ ਸਿਰ ਰੈਬੀਜ਼ ਤੋਂ ਬਚਾਅ ਦੇ ਟੀਕੇ ਲਗਵਾਉਣੇ ਚਾਹੀਦੇ ਹਨ।