ਬਿਜਲੀ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ, ਕਿਸਾਨਾਂ ਤੋਂ ਬਾਅਦ ਵਪਾਰੀ ਵੀ ਨਾਖੁਸ਼ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਹਾਹਾਕਾਰ, ਕਿਸਾਨਾਂ ਤੋਂ ਬਾਅਦ ਵਪਾਰੀ ਵੀ ਨਾਖੁਸ਼
Publish Date: Mon, 14 Sep 2026 04:23 PM (IST)
Updated Date: Mon, 14 Sep 2026 04:26 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧਣ ਦੇ ਨਾਲ ਹੀ ਬਿਜਲੀ ਦੇ ਲੰਬੇ ਕੱਟਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਰੋਸ ਵਧ ਰਿਹਾ ਹੈ, ਉਥੇ ਹੀ ਹੁਣ ਸ਼ਹਿਰੀ ਖੇਤਰਾਂ ਵਿੱਚ ਵਪਾਰੀ ਅਤੇ ਕਾਰੋਬਾਰੀ ਵਰਗ ਵੀ ਬਿਜਲੀ ਕੱਟਾਂ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਬਿਜਲੀ ਆਉਣ-ਜਾਣ ਦਾ ਕੋਈ ਨਿਰਧਾਰਤ ਸਮਾਂ ਨਾ ਹੋਣ ਕਾਰਨ ਘਰੇਲੂ ਕੰਮਕਾਜ ਦੇ ਨਾਲ-ਨਾਲ ਦੁਕਾਨਾਂ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕਈ ਥਾਵਾਂ ’ਤੇ ਅੱਠ ਘੰਟਿਆਂ ਦੀ ਬਜਾਏ ਕਰੀਬ ਚਾਰ ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਪਲਾਈ ਵੀ ਲਗਾਤਾਰ ਨਹੀਂ ਮਿਲ ਰਹੀ, ਜਿਸ ਕਾਰਨ ਖੇਤਾਂ ਦੀ ਸਿੰਚਾਈ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸਿਰਫ਼ ਦਾਅਵਿਆਂ ਅਤੇ ਡਰਾਮਿਆਂ ਦੇ ਸਹਾਰੇ ਚੱਲ ਰਹੀ ਹੈ, ਜਦੋਂਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਖੇਤੀਬਾੜੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕਿਸਾਨਾਂ ਨੂੰ ਚਾਰ ਘੰਟੇ ਦੀ ਸਪਲਾਈ ਨਾਲ ਹੀ ਕਿਉਂ ਸਬਰ ਕਰਨਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਥਰਮਲ ਪਲਾਂਟ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਅੱਗੇ ਰੋਸ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀਬਾੜੀ ਸੈਕਟਰ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਫਿਰ ਕਿਸਾਨਾਂ ਨੂੰ ਲੋੜ ਅਨੁਸਾਰ ਸਪਲਾਈ ਕਿਉਂ ਨਹੀਂ ਮਿਲ ਰਹੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੀ ਪਾਵਰਕਾਮ ਦੇ ਐਸਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਦੀ ਘਾਟ ਦਾ ਸਭ ਤੋਂ ਵੱਧ ਪ੍ਰਭਾਵ ਖੇਤੀਬਾੜੀ ’ਤੇ ਪੈ ਰਿਹਾ ਹੈ। ਖੇਤਾਂ ਵਿੱਚ ਫਸਲਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਵਾਧੂ ਖਰਚਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜ਼ਮੀਨੀ ਪੱਧਰ ਦੀ ਸਥਿਤੀ ਨੂੰ ਦੇਖਦੇ ਹੋਏ ਬਿਜਲੀ ਸਪਲਾਈ ਵਿਚ ਸੁਧਾਰ ਕਰਨਾ ਚਾਹੀਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਆਮਦ ਅਤੇ ਕੰਮਕਾਜ ਦਾ ਸਿੱਧਾ ਸਬੰਧ ਬਿਜਲੀ ਸਪਲਾਈ ਨਾਲ ਹੈ। ਲੰਬੇ ਕੱਟਾਂ ਦੌਰਾਨ ਦੁਕਾਨਾਂ ਵਿਚ ਪੱਖੇ, ਕੂਲਰ, ਏਸੀ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਬੰਦ ਹੋ ਜਾਂਦੇ ਹਨ। ਗਰਮੀ ਦੇ ਮੌਸਮ ਵਿਚ ਇਸ ਕਾਰਨ ਗਾਹਕਾਂ ਤੇ ਦੁਕਾਨਦਾਰਾਂ ਦੋਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਬਿਜਲੀ ਦੀ ਮੰਗ ਵਧ ਕੇ ਕਰੀਬ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। ਵਧਦੀ ਮੰਗ ਦੇ ਵਿਚਕਾਰ ਸਪਲਾਈ ਨੂੰ ਸੰਤੁਲਿਤ ਕਰਨਾ ਪਾਵਰਕਾਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।