ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਾਠ ਬੋਧ ਸਮਾਗਮ 4 ਤੋਂ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਾਠ ਬੋਧ ਸਮਾਗਮ 4 ਅਕਤੂਬਰ ਤੋਂ
Publish Date: Sun, 27 Sep 2026 04:13 PM (IST)
Updated Date: Sun, 27 Sep 2026 04:15 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਮਹਾਨ ਤਪੱਸਵੀ ਅਤੇ ਵਿਦਿਆ ਦੇ ਦਾਨੀ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 4 ਅਕਤੂਬਰ ਤੋਂ 3 ਨਵੰਬਰ ਤੱਕ ਮਹੀਨਾਵਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਬੋਧ ਸਮਾਗਮ’ ਕਰਵਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਹੇਠ ਸੰਤ ਸੇਵਕ ਜਥਾ ਬਾਬਾ ਕਾਕਾ ਸਿੰਘ ਜੀ ਅਤੇ ਬਾਬਾ ਸੰਤ ਸਿੰਘ ਪਟਵਾਰੀ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਗਿਆਨੀ ਟੇਕ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਪ੍ਰਦਾਇ ਭਿੰਡਰਾਂ ਦੇ ਵਿਦਵਾਨ ਗਿਆਨੀ ਹਰਭਜਨ ਸਿੰਘ ਢੁੱਡੀਕੇ ਆਪਣੇ ਜਥੇ ਸਮੇਤ ਸੰਗਤਾਂ ਨੂੰ ਸ਼ੁੱਧ ਗੁਰਬਾਣੀ ਉਚਾਰਨ ਦੀ ਸੰਥਿਆ ਕਰਵਾਉਣਗੇ। ਉਨ੍ਹਾਂ ਸਮੁੱਚੀ ਸਾਧ-ਸੰਗਤ ਸਮੇਤ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਅਤੇ ਧਰਮ ਪ੍ਰਚਾਰਕਾਂ ਨੂੰ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਗਿਆਨੀ ਟੇਕ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਅਰਥ ਬੋਧ ਨਾਲ ਜੁੜਨਾ ਵੱਡਾ ਭਾਗ ਹੈ। ਗੁਰਬਾਣੀ ਦੇ ਅਰਥਾਂ ਅਤੇ ਭਾਵਾਂ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਨਾਲ ਮਨੁੱਖ ਅੰਦਰ ਆਤਮਿਕ ਬਲ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ-ਸੁੱਚੇ ਅਖਲਾਕ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਕੁਰਾਹੇ ਤੋਂ ਬਚਾਉਣ ਲਈ ਗੁਰਬਾਣੀ ਨਾਲ ਜੋੜਨਾ ਮਹੱਤਵਪੂਰਨ ਹੈ। ਇਕੱਤਰਤਾ ਦੌਰਾਨ ਸਮਾਗਮ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ ਅਤੇ ਹੋਰ ਪ੍ਰਬੰਧਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਇਹ ਪਾਠ ਬੋਧ ਸਮਾਗਮ ਗੁਰਮਤਿ ਗਿਆਨ ਦੇ ਪ੍ਰਚਾਰ-ਪ੍ਰਸਾਰ ਲਈ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗਾ। ਇਸ ਮੌਕੇ ਬਾਬਾ ਕਾਕਾ ਸਿੰਘ ਜੀ, ਬਾਬਾ ਸੰਤ ਸਿੰਘ ਪਟਵਾਰੀ ਸਕੱਤਰ ਬੁੰਗਾ ਮਸਤੂਆਣਾ ਅਤੇ ਬਾਬਾ ਤੇਜਾ ਸਿੰਘ ਹਾਜ਼ਰ ਸਨ।