ਤਲਵੰਡੀ ਸਾਬੋ ’ਚ ਪੰਚਾਇਤ ਸਕੱਤਰਾਂ ਦਾ ਧਰਨਾ ਜਾਰੀ ਤਲਵੰਡੀ ਸਾਬੋ ’ਚ ਪੰਚਾਇਤ ਸਕੱਤਰਾਂ ਦਾ ਧਰਨਾ ਜਾਰੀ, ਤਨਖ਼ਾਹਾਂ ਰੋਕਣ ਅਤੇ ਬਦਲੀਆਂ ਦੇ ਮਾਮਲੇ ’ਤੇ ਚੁੱਕੇ ਸਵਾਲ
Publish Date: Mon, 12 Oct 2026 05:52 PM (IST)
Updated Date: Mon, 12 Oct 2026 05:53 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਲਵੰਡੀ ਸਾਬੋ ਵਿਖੇ ਪੰਚਾਇਤ ਸਕੱਤਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਬੀਡੀਪੀਓ ਦੇ ਕੰਮਕਾਜ ਤੇ ਰਵੱਈਏ ’ਤੇ ਸਵਾਲ ਚੁੱਕਦਿਆਂ ਤਨਖ਼ਾਹਾਂ ਦੀ ਅਦਾਇਗੀ ਵਿਚ ਦੇਰੀ ਅਤੇ ਬਦਲੀਆਂ ਤੋਂ ਬਾਅਦ ਤਨਖ਼ਾਹਾਂ ਦੇ ਮਾਮਲੇ ਵਿਚ ਅਪਣਾਈ ਜਾ ਰਹੀ ਪ੍ਰਕਿਰਿਆ ’ਤੇ ਇਤਰਾਜ਼ ਜਤਾਇਆ ਹੈ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪੰਚਾਇਤ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਆਪਣੀਆਂ ਤਨਖ਼ਾਹਾਂ ਰੈਗੂਲਰ ਕਰਵਾਉਣ ਲਈ ਪਿਛਲੇ 20 ਸਾਲਾਂ ਤੋਂ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਤੋਂ ਰੈਗੂਲਰ ਤਨਖ਼ਾਹਾਂ ਮਿਲਣੀਆਂ ਸ਼ੁਰੂ ਹੋਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਤਲਵੰਡੀ ਸਾਬੋ ਦੇ ਸਬੰਧਤ ਬੀਡੀਪੀਓ ਵੱਲੋਂ ਬਿਨਾਂ ਕਿਸੇ ਵਾਜਬ ਕਾਰਨ ਦੇ ਬਲਾਕ ਦੇ ਸਾਰੇ ਸਾਥੀ ਮੁਲਾਜ਼ਮਾਂ ਦੀਆਂ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਰੋਕ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਦਬਾਅ ਪਾਉਣ ਤੋਂ ਬਾਅਦ ਹੀ ਤਨਖ਼ਾਹਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਅਨੁਸਾਰ, ਤਨਖ਼ਾਹਾਂ ਦੀ ਅਦਾਇਗੀ ਸਬੰਧੀ ਇਸ ਤਰ੍ਹਾਂ ਦੀ ਮਨਮਰਜ਼ੀ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਮੁੱਖ ਮਸਲਾ ਬਲਾਕ ਦੇ ਤਿੰਨ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਸਬੰਧਤ ਹੈ। ਉਨ੍ਹਾਂ ਅਨੁਸਾਰ, ਇਨ੍ਹਾਂ ਮੁਲਾਜ਼ਮਾਂ ਦੀਆਂ ਬਦਲੀਆਂ ਵੱਖ-ਵੱਖ ਬਲਾਕਾਂ ਵਿੱਚ ਹੋਈਆਂ ਸਨ, ਪਰ ਬਦਲੀ ਤੋਂ ਬਾਅਦ ਤਨਖ਼ਾਹਾਂ ਦੀ ਅਦਾਇਗੀ ਲਈ ਅਜਿਹੀ ਪ੍ਰਕਿਰਿਆ ਅਪਣਾਈ ਗਈ, ਜਿਸ ਨਾਲ ਮੁਲਾਜ਼ਮਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਨਖ਼ਾਹਾਂ ਦੀ ਅਦਾਇਗੀ ਲਈ 15 ਤਰੀਕ ਨੂੰ ਆਧਾਰ ਮੰਨਦਿਆਂ ਪ੍ਰਕਿਰਿਆ ਅਪਣਾਈ ਜਾਂਦੀ ਸੀ। ਉਨ੍ਹਾਂ ਦੇ ਦਾਅਵੇ ਅਨੁਸਾਰ, 15 ਤਰੀਕ ਤੋਂ ਪਹਿਲਾਂ ਰਿਲੀਵ ਹੋਣ ਵਾਲੇ ਮੁਲਾਜ਼ਮ ਦੀ ਤਨਖ਼ਾਹ ਅਗਲੇ ਬਲਾਕ ਤੋਂ ਬਣਦੀ ਸੀ, ਜਦਕਿ 15 ਤਰੀਕ ਤੋਂ ਬਾਅਦ ਰਿਲੀਵ ਹੋਣ ਦੀ ਸੂਰਤ ਵਿਚ ਪੂਰੇ ਮਹੀਨੇ ਦੀ ਤਨਖ਼ਾਹ ਪੁਰਾਣੇ ਬਲਾਕ ਤੋਂ ਮਿਲਦੀ ਸੀ। ਪਰ ਹੁਣ ਰਿਲੀਵ ਹੋਣ ਦੀ ਤਰੀਕ ਤੱਕ ਹੀ ਤਨਖ਼ਾਹ ਦੇਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਉਨ੍ਹਾਂ ਇਸ ਨੂੰ ਮੁਲਾਜ਼ਮਾਂ ਨਾਲ ਧੱਕਾ ਦੱਸਦਿਆਂ ਕਿਹਾ ਕਿ ਉਹ ਇਸ ਪ੍ਰਕਿਰਿਆ ਦਾ ਵਿਰੋਧ ਕਰਦੇ ਹਨ ਅਤੇ ਇਸ ਨੂੰ ਅੱਗੇ ਜਾਰੀ ਨਹੀਂ ਰਹਿਣ ਦੇਣਾ ਚਾਹੁੰਦੇ। ਧਰਨਾਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਦੋ ਸਾਥੀਆਂ ਦੀਆਂ ਤਨਖ਼ਾਹਾਂ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਪੈਂਡਿੰਗ ਹਨ। ਇਕਬਾਲ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਲੰਬੀ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਘਰੇਲੂ ਖ਼ਰਚੇ, ਬੱਚਿਆਂ ਦੀ ਪੜ੍ਹਾਈ ਅਤੇ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਫੀਲਡ ਵਿਚ ਲੋਕਾਂ ਦੇ ਕੰਮ ਕਰਦੇ ਹਨ, ਪਰ ਜੇਕਰ ਉਨ੍ਹਾਂ ਨੂੰ ਆਪਣੇ ਸੇਵਾ ਮਾਮਲਿਆਂ ਸਬੰਧੀ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਇਸ ਦਾ ਅਸਰ ਲੋਕਾਂ ਦੇ ਕੰਮਾਂ ’ਤੇ ਵੀ ਪੈ ਸਕਦਾ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਪਿਛਲੇ ਬੁੱਧਵਾਰ ਤੋਂ ਧਰਨੇ ’ਤੇ ਬੈਠੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਧਰਨਾ ਸ਼ੁਰੂ ਹੋਣ ਤੋਂ ਬਾਅਦ ਸਬੰਧਤ ਅਧਿਕਾਰੀ ਦਫ਼ਤਰ ਵਿਚ ਡਿਊਟੀ ’ਤੇ ਨਹੀਂ ਆਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਆਪਣੇ ਹੱਕ ਪ੍ਰਾਪਤ ਕੀਤੇ ਹਨ ਅਤੇ ਉਹ ਆਪਣੇ ਮਸਲਿਆਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਇਕਬਾਲ ਸਿੰਘ ਪੰਚਾਇਤ ਵਿਕਾਸ ਸਕੱਤਰ ਤੋਂ ਇਲਾਵਾ ਗੁਰਧੀਰ ਸਿੰਘ, ਦਲੀਪ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਵਿਕਰਮਜੀਤ ਸਿੰਘ, ਹਰਦੀਪ ਸਿੰਘ ਅਤੇ ਅਮਨਦੀਪ ਸਿੰਘ ਦੁਗੱਲ ਸਮੇਤ ਹੋਰ ਸਾਥੀ ਮੌਜੂਦ ਸਨ। ਇਸ ਮਸਲੇ ਸਬੰਧੀ ਜਦੋਂ ਮੌਕੇ ’ਤੇ ਬੀਡੀਪੀਓ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।