ਪੱਲੇਦਾਰ ਮਜ਼ਦੂਰਾਂ ਵੱਲੋਂ ਵੇਅਰਹਾਊਸ ਮਾਲ ਗੋਦਾਮ ਅੱਗੇ ਗੇਟ ਰੈਲੀ ਪੱਲੇਦਾਰ ਮਜ਼ਦੂਰਾਂ ਵੱਲੋਂ ਵੇਅਰਹਾਊਸ ਮਾਲ ਗੋਦਾਮ ਅੱਗੇ ਗੇਟ ਰੈਲੀ ਕੀਤੀ ਗਈ
Publish Date: Wed, 23 Sep 2026 04:13 PM (IST)
Updated Date: Wed, 23 Sep 2026 04:15 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਪੰਜਾਬ ਭਰ ਦੇ ਗੋਦਾਮਾਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸੇ ਤਹਿਤ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਇੰਟਕ ਰਾਮਾਂ ਮੰਡੀ ਵੱਲੋਂ ਵੇਅਰਹਾਊਸ ਕਮਾਲੂ ਰੋਡ ਦੇ ਮਾਲ ਗੋਦਾਮ ਅੱਗੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਸਾਡਾ ਏਕਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਪੱਲੇਦਾਰ ਲੰਬੇ ਸਮੇਂ ਤੋਂ ਪੰਜਾਬ ਦੀਆਂ ਖੁਰਾਕ ਏਜੰਸੀਆਂ ਵਿੱਚ ਕਣਕ, ਚੌਲ ਅਤੇ ਝੋਨੇ ਦੀ ਲੋਡਿੰਗ, ਅਨਲੋਡਿੰਗ ਤੇ ਸਟੈਕਿੰਗ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਮਈ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦੇ ਕੰਮਾਂ ਵਿੱਚੋਂ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਅਤੇ ਮਜ਼ਦੂਰੀ ਵਿੱਚ 15 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਸੀ, ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰਾਂ ਵੱਲੋਂ ਪੱਲੇਦਾਰ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰੀ ਦਾ ਕਾਫ਼ੀ ਹਿੱਸਾ ਕੱਟਿਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਬੇਸਿਕ ਰੇਟਾਂ ਵਿੱਚ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਗੱਠਾਂ ਤੇ ਕਰੇਟਾਂ ਦੇ ਰੇਟ ਵਧਾਏ ਜਾਣ। ਇਸ ਤੋਂ ਇਲਾਵਾ ਸਟੈਕ ਦੀ ਉਚਾਈ ਘਟਾਉਣ, 50 ਅਤੇ 37.5 ਕਿਲੋ ਦੇ ਗੱਟਿਆਂ ਦੇ ਰੇਟ ਇੱਕਸਾਰ ਕਰਨ ਅਤੇ ਪੁਰਾਣੀ ਕੰਮ ਕਰਦੀ ਲੇਬਰ ਨੂੰ ਕੰਮ ਤੋਂ ਨਾ ਹਟਾਉਣ ਦੀ ਮੰਗ ਵੀ ਕੀਤੀ ਗਈ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 25 ਸਤੰਬਰ ਨੂੰ ਪੰਜਾਬ ਭਰ ਵਿੱਚ ਮੁਕੰਮਲ ਕੰਮ ਬੰਦ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਮੌਕੇ ਪ੍ਰਧਾਨ ਤੋਂ ਇਲਾਵਾ ਦੀਪੂ ਸੈਕਟਰੀ, ਬਲਵਿੰਦਰ ਸਿੰਘ ਕੈਸ਼ੀਅਰ, ਗੁਰਦਾਸ ਸਿੰਘ ਸਾਬਕਾ ਸੈਕਟਰੀ, ਗੁਰਦੀਪ ਸਿੰਘ ਸਾਬਕਾ ਕੈਸ਼ੀਅਰ, ਗੁਰਮੇਲ ਸਿੰਘ, ਗੁਰਤੇਜ ਸਿੰਘ, ਸਿਕੰਦਰ ਸਿੰਘ, ਸਤਪਾਲ ਸਿੰਘ, ਸੰਦੀਪ ਸਿੰਘ ਕੱਟੀ, ਸੇਵਕ ਸਿੰਘ, ਅਜਾਇਬ ਸਿੰਘ, ਬੂਟਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੱਲੇਦਾਰ ਮਜ਼ਦੂਰ ਮੌਜੂਦ ਸਨ।