ਪਿੰਡ ਗੁਲਾਬਗੜ੍ਹ ਦੀ ਨਵੀਂ ਦਾਣਾ ਮੰਡੀ ’ਚ ਪਹਿਲੀ ਵਾਰ ਝੋਨੇ ਦੀ ਖਰੀਦ ਸ਼ੁਰੂ ਪਿੰਡ ਗੁਲਾਬਗੜ੍ਹ ਦੀ ਨਵੀਂ ਦਾਣਾ ਮੰਡੀ ਵਿਚ ਪਹਿਲੀ ਵਾਰ ਝੋਨੇ ਦੀ ਖਰੀਦ ਸ਼ੁਰੂ
Publish Date: Fri, 09 Oct 2026 08:32 PM (IST)
Updated Date: Sat, 10 Oct 2026 04:06 AM (IST)
* ਡੇਢ ਸਾਲ ਤੋਂ ਲਟਕ ਰਹੀ ਪਿੰਡ ਵਾਸੀਆਂ ਦੀ ਮੰਗ ਹੋਈ ਪੂਰੀ * ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਮਿਲੇਗੀ ਵੱਡੀ ਸਹੂਲਤ ਫੋਟੋ : 73 ਕੈਪਸ਼ਨ : ਪਿੰਡ ਗੁਲਾਬਗੜ੍ਹ ਦੀ ਨਵੀਂ ਦਾਣਾ ਮੰਡੀ ਵਿਚ ਪਹਿਲੀ ਵਾਰ ਝੋਨੇ ਦੀ ਖਰੀਦ ਸ਼ੁਰੂ ਹੋਣ ਮੌਕੇ ਅਰਦਾਸ ਕਰਦੇ ਹੋਏ ਗ੍ਰੰਥੀ ਸੁਖਚੈਨ ਸਿੰਘ, ਸਰਪੰਚ ਲੱਖਪ੍ਰੀਤ ਸਿੰਘ ਬਰਾੜ ਅਤੇ ਹਾਜ਼ਰ ਕਿਸਾਨ ਤੇ ਪਿੰਡ ਵਾਸੀ। ਦਵਿੰਦਰ ਸਿੰਘ ਮਾਨ , ਪੰਜਾਬੀ ਜਾਗਰਣ , ਕੋਟ ਫੱਤਾ : ਪਿੰਡ ਗੁਲਾਬਗੜ੍ਹ ਦੇ ਕਿਸਾਨਾਂ ਲਈ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਵਿੱਚ ਨਵੀਂ ਬਣੀ ਦਾਣਾ ਮੰਡੀ ਵਿੱਚ ਪਹਿਲੀ ਵਾਰ ਝੋਨੇ ਦੀ ਖਰੀਦ ਸ਼ੁਰੂ ਹੋਈ। ਪਿਛਲੇ ਡੇਢ ਸਾਲ ਤੋਂ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਬੂਰ ਪੈਣ ਨਾਲ ਗੁਲਾਬਗੜ੍ਹ ਸਮੇਤ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਮੰਡੀ ਨੂੰ ਝੋਨੇ ਦੀ ਖਰੀਦ ਲਈ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਇੱਥੇ ਖਰੀਦ ਦੀ ਸਹੂਲਤ ਸ਼ੁਰੂ ਹੋਈ ਹੈ। ਪਿੰਡ ਦੇ ਨੌਜਵਾਨ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦੇ ਯਤਨਾਂ ਸਦਕਾ ਨਵੀਂ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਦਾ ਰਾਹ ਪੱਧਰਾ ਹੋਇਆ। ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਵੀ ਮਾਮਲਾ ਉਠਾਇਆ ਗਿਆ ਸੀ। ਮੰਡੀ ਨੋਟੀਫਾਈ ਹੋਣ ਉਪਰੰਤ ਹੁਣ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਸਥਾਨਕ ਪੱਧਰ ’ਤੇ ਹੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ। ਨਵੀਂ ਮੰਡੀ ਵਿੱਚ ਖਰੀਦ ਸ਼ੁਰੂ ਹੋਣ ਨਾਲ ਗੁਲਾਬਗੜ੍ਹ ਤੋਂ ਇਲਾਵਾ ਕਟਾਰ ਸਿੰਘ ਵਾਲਾ, ਫੂਸ ਮੰਡੀ ਅਤੇ ਭਾਗੂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਲਈ ਹੋਰਨਾਂ ਮੰਡੀਆਂ ਵਿੱਚ ਜਾਣਾ ਪੈਂਦਾ ਸੀ, ਜਿਸ ਕਾਰਨ ਆਵਾਜਾਈ ਦੇ ਖਰਚੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਸੀ। ਹੁਣ ਨੇੜੇ ਮੰਡੀ ਦੀ ਸਹੂਲਤ ਮਿਲਣ ਨਾਲ ਇਹ ਮੁਸ਼ਕਲਾਂ ਘਟਣ ਦੀ ਉਮੀਦ ਹੈ। ਖਰੀਦ ਦੇ ਪਹਿਲੇ ਦਿਨ ਕਿਸਾਨ ਗੁਰਵੰਸ ਸਿੰਘ ਅਤੇ ਸਿੱਪੀ ਗਿੱਲ ਵੱਲੋਂ ਝੋਨੇ ਦੀ ਟਰਾਲੀ ਮੰਡੀ ਵਿੱਚ ਲਿਆਂਦੀ ਗਈ। ਇਸ ਮੌਕੇ ਗੁਰੂ ਘਰ ਦੇ ਗ੍ਰੰਥੀ ਸੁਖਚੈਨ ਸਿੰਘ ਨੇ ਅਰਦਾਸ ਕੀਤੀ। ਕਿਸਾਨਾਂ ਨੇ ਆਸ ਪ੍ਰਗਟਾਈ ਕਿ ਮੰਡੀ ਵਿੱਚ ਖਰੀਦ, ਤੋਲ ਅਤੇ ਅਦਾਇਗੀ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਣਗੇ। ਇਸ ਮੌਕੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ, ਜਗਰਾਜ ਸਿੰਘ ਪੰਚ, ਰਾਮ ਸਿੰਘ ਪੰਚ, ਨੰਦ ਸਿੰਘ ਪੰਚ, ਸੰਧੂਰਾ ਸਿੰਘ, ਗੁਰਦਿੱਤ ਸਿੰਘ ਕਲੱਬ ਪ੍ਰਧਾਨ, ਬਲਵੀਰ ਸਿੰਘ ਗਿੱਲ, ਬੱਬੂ ਸਿੰਘ, ਟੈਣੀ ਸੰਧੂ, ਲਖਵਿੰਦਰ ਸਿੰਘ, ਨਛੱਤਰ ਸਿੰਘ, ਤੇਜ਼ਾ ਸਿੰਘ, ਗੋਰਾ ਸੇਮੇਕਾ, ਸੀਪਾ ਸੇਮੇਕਾ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।