ਅਨਾਜ ਮੰਡੀ ਛੋਟੀ ਹੋਣ ਕਾਰਨ ਸੜਕਾਂ ’ਚ ਲੱਗੇ ਝੋਨੇ ਦੇ ਢੇਰ ਅਨਾਜ ਮੰਡੀ ਛੋਟੀ ਹੋਣ ਕਾਰਨ ਸੜਕਾਂ ਤੇ ਰਸਤਿਆਂ ’ਚ ਲੱਗੇ ਝੋਨੇ ਦੇ ਢੇਰ
Publish Date: Tue, 03 Nov 2026 04:01 PM (IST)
Updated Date: Tue, 03 Nov 2026 04:02 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ ਰਾਮਾਂ ਮੰਡੀ ਦੀ ਅਨਾਜ ਮੰਡੀ ਛੋਟੀ ਹੋਣ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਥਾਂ ਦੀ ਘਾਟ ਕਾਰਨ ਝੋਨੇ ਦੀ ਫ਼ਸਲ ਸੜਕਾਂ ਅਤੇ ਸ਼ਹਿਰ ਦੇ ਵੱਖ-ਵੱਖ ਰਸਤਿਆਂ ਵਿਚ ਉਤਾਰੀ ਜਾ ਰਹੀ ਹੈ। ਇੱਥੋਂ ਤੱਕ ਕਿ ਸਬਜ਼ੀ ਮੰਡੀ ਵਿਚ ਵੀ ਝੋਨੇ ਦੇ ਢੇਰ ਲੱਗਣ ਕਾਰਨ ਸਬਜ਼ੀ ਤੇ ਫਲ ਵਿਕਰੇਤਾਵਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਸੜਕਾਂ ’ਤੇ ਝੋਨੇ ਦੇ ਢੇਰ ਅਤੇ ਖੜ੍ਹੇ ਟਰੱਕਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਮਾਂ ਮੰਡੀ ਦੇ ਆੜ੍ਹਤੀ ਲੰਬੇ ਸਮੇਂ ਤੋਂ ਸਰਕਾਰਾਂ ਕੋਲ ਖੁੱਲ੍ਹੀ ਅਤੇ ਵਧੇਰੇ ਜਗ੍ਹਾ ਵਿੱਚ ਨਵੀਂ ਦਾਣਾ ਮੰਡੀ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਛਲੇ 30-40 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਵੱਲੋਂ ਨਵੀਂ ਮੰਡੀ ਬਣਾਉਣ ਦੇ ਭਰੋਸੇ ਤਾਂ ਦਿੱਤੇ ਜਾਂਦੇ ਰਹੇ ਹਨ, ਪਰ ਅਜੇ ਤੱਕ ਇਸ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਹਰ ਸਾਲ ਝੋਨੇ ਦੇ ਸੀਜ਼ਨ ਦੌਰਾਨ ਮੰਡੀ ਵਿੱਚ ਜਗ੍ਹਾ ਦੀ ਘਾਟ ਕਾਰਨ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਮੰਡੀ ਵਿੱਚ ਥਾਂ ਨਾ ਹੋਣ ਕਾਰਨ ਸੜਕਾਂ ਅਤੇ ਰਸਤਿਆਂ ਵਿੱਚ ਝੋਨਾ ਉਤਾਰੇ ਜਾਣ ਨਾਲ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਹਾਲਾਤ ਇਹ ਹਨ ਕਿ ਨਗਰ ਕੌਂਸਲ ਦਫ਼ਤਰ ਨੂੰ ਜਾਣ ਵਾਲੇ ਰਸਤੇ ਵਿੱਚ ਵੀ ਝੋਨੇ ਦੇ ਢੇਰ ਲੱਗੇ ਹੋਏ ਹਨ। ਇਸ ਰਸਤੇ ਵਿੱਚ ਟਰੱਕ ਖੜ੍ਹੇ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੂੰ ਨਗਰ ਕੌਂਸਲ ਦਫ਼ਤਰ ਵਿੱਚ ਆਪਣੇ ਕੰਮ ਕਰਵਾਉਣ ਲਈ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀ ਮੰਡੀ ’ਚ ਝੋਨੇ ਦੇ ਢੇਰ ਬਣੇ ਮੁਸੀਬਤ ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਝੋਨੇ ਦੀ ਫ਼ਸਲ ਦੇ ਢੇਰ ਲਗਾਏ ਜਾਣ ਕਾਰਨ ਸਬਜ਼ੀ ਅਤੇ ਫਲ ਵਿਕਰੇਤਾ ਵੀ ਪ੍ਰੇਸ਼ਾਨ ਹਨ। ਝੋਨੇ ਦੀ ਆਵਾਜਾਈ ਅਤੇ ਢੇਰਾਂ ਕਾਰਨ ਉੱਡਣ ਵਾਲੀ ਧੂੜ-ਮਿੱਟੀ ਸਬਜ਼ੀਆਂ ਅਤੇ ਫਲਾਂ ’ਤੇ ਜਮ੍ਹਾਂ ਹੋ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਗੁਣਵੱਤਾ ਅਤੇ ਤਾਜ਼ਗੀ ਪ੍ਰਭਾਵਿਤ ਹੋ ਰਹੀ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਧੂੜ-ਮਿੱਟੀ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਧੂੜ ਕਾਰਨ ਐਲਰਜੀ ਅਤੇ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਹਰ ਸਾਲ ਪੈਦਾ ਹੋਣ ਵਾਲੀ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਲੋੜ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਰਾਮਾਂ ਮੰਡੀ ਵਿੱਚ ਲੋੜ ਅਨੁਸਾਰ ਖੁੱਲ੍ਹੀ ਜਗ੍ਹਾ ’ਤੇ ਨਵੀਂ ਦਾਣਾ ਮੰਡੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਫ਼ਸਲ ਲਿਆਉਣ ਲਈ ਢੁੱਕਵੀਂ ਜਗ੍ਹਾ ਮਿਲ ਸਕੇ ਅਤੇ ਸ਼ਹਿਰ ਦੀਆਂ ਸੜਕਾਂ ਤੇ ਸਬਜ਼ੀ ਮੰਡੀ ਨੂੰ ਝੋਨੇ ਦੇ ਢੇਰਾਂ ਤੋਂ ਮੁਕਤ ਰੱਖਿਆ ਜਾ ਸਕੇ।