ਆਕਸਫੋਰਡ ਦੇ ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਆਕਸਫੋਰਡ ਦੇ ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ
Publish Date: Mon, 07 Sep 2026 04:32 PM (IST)
Updated Date: Mon, 07 Sep 2026 04:34 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਬਠਿੰਡਾ ਵਿਖੇ ਹੋਈਆਂ 70ਵੀਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਤਮਗੇ ਹਾਸਲ ਕੀਤੇ। ਵਾਲੀਬਾਲ ਦੇ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਆਕਸਫੋਰਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ-19 ਲੜਕੀਆਂ ਦੀ ਟੀਮ ਨੇ ਵਾਲੀਬਾਲ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਅੰਡਰ-19 ਲੜਕਿਆਂ ਨੇ ਬੈਡਮਿੰਟਨ ਵਿੱਚ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ। ਕੁਸ਼ਤੀ ਦੇ ਮੁਕਾਬਲੇ ਵਿਚ ਵਿਦਿਆਰਥਣ ਇਕਮਨ ਕੌਰ ਬਰਾੜ ਨੇ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਕਈ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਵਾਲੀਬਾਲ ਵਿੱਚ ਪ੍ਰਨੀਤ ਕੌਰ ਅਤੇ ਸ਼ੁਭਰੀਤ ਕੌਰ ਦੀ ਰਾਜ ਪੱਧਰੀ ਟੂਰਨਾਮੈਂਟ ਲਈ ਚੋਣ ਕੀਤੀ ਗਈ ਹੈ। ਪ੍ਰਨੀਤ ਕੌਰ ਦੀ ਬੀਚ ਵਾਲੀਬਾਲ ਦੇ ਰਾਜ ਪੱਧਰੀ ਮੁਕਾਬਲੇ ਲਈ ਵੀ ਚੋਣ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੈਂਡਬਾਲ ਵਿੱਚ ਸਾਫ਼ਿਰ ਵਰਮਾ (ਅੰਡਰ-14) ਅਤੇ ਖੁਸ਼ਜੀਤ ਸਿੰਘ (ਅੰਡਰ-19) ਨੂੰ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ। ਬੈਡਮਿੰਟਨ ਵਿੱਚ ਸ਼ੁਭਮ ਗਰਗ ਦੀ ਰਾਜ ਪੱਧਰੀ ਮੁਕਾਬਲੇ ਲਈ ਚੋਣ ਹੋਣਾ ਵੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਖੇਡ ਵਿਭਾਗ ਦੇ ਮੁਖੀ ਪ੍ਰਦਮਨ ਸਿੰਘ ਸਮੇਤ ਕੋਚਿੰਗ ਸਟਾਫ਼ ਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਖੇਡਾਂ ਵਿੱਚ ਲਗਾਤਾਰ ਮਿਹਨਤ ਅਤੇ ਬਿਹਤਰ ਪ੍ਰਦਰਸ਼ਨ ਰਾਹੀਂ ਹੀ ਵਿਦਿਆਰਥੀ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾ ਸਕਦੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਰਾਜਵਿੰਦਰ ਸਿੰਘ ਸੋਢੀ ਅਤੇ ਹੋਰ ਅਹੁਦੇਦਾਰਾਂ ਨੇ ਵੀ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।