ਪੁਲਿਸ ਨੇ ਲੋਕਾਂ ਦਾ ਗੁਆਚਿਆ ਸਾਮਾਨ ਲੱਭ ਕੇ ਕੀਤਾ ਵਾਪਸ, 812 ਚਾਲਾਨ ਕੱਟੇ ਬਠਿੰਡਾ ਪੁਲਿਸ ਦੀਆਂ ਪੀਸੀਆਰ ਟੀਮਾਂ ਨੇ ਚਾਰ ਦਿਨਾਂ ਦੌਰਾਨ ਲੋਕਾਂ ਦਾ ਗੁਆਚਿਆ ਸਮਾਨ ਲੱਭ ਕੇ ਕੀਤਾ ਵਾਪਸ, 812 ਚਲਾਨ ਕੱਟੇ
Publish Date: Fri, 20 Nov 2026 05:48 PM (IST)
Updated Date: Fri, 20 Nov 2026 05:52 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਐੱਸਐੱਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਦੀਆਂ ਪੀਸੀਆਰ ਟੀਮਾਂ ਵੱਲੋਂ ਲੋਕਾਂ ਦੀ ਸੁਰੱਖਿਆ, ਸਹਾਇਤਾ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਦਿਨ-ਰਾਤ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਇਸੇ ਲੜੀ ਤਹਿਤ 17 ਤੋਂ 20 ਨਵੰਬਰ 2026 ਤੱਕ ਕੀਤੀਆਂ ਕਾਰਵਾਈਆਂ ਦੌਰਾਨ ਪੁਲਿਸ ਨੇ ਕਈ ਲੋਕਾਂ ਦਾ ਗੁਆਚਿਆ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪਿਆ। ਇਨ੍ਹਾਂ ਕਾਰਵਾਈਆਂ ਦੌਰਾਨ ਟੈਕਸੀ ਸਟੈਂਡ ਬਠਿੰਡਾ ਤੋਂ ਮਿਲਿਆ ਲਾਵਾਰਿਸ ਮੋਟਰਸਾਈਕਲ ਅਗਲੇਰੀ ਕਾਰਵਾਈ ਲਈ ਥਾਣਾ ਸਿਵਲ ਲਾਈਨ ਦੇ ਹਵਾਲੇ ਕੀਤਾ ਗਿਆ। ਢਿੱਲੋਂ ਕਲੋਨੀ ਵਿਖੇ ਪਰਚੂਨ ਦੀ ਦੁਕਾਨ ਵਿਚੋਂ ਚੋਰੀ ਹੋਏ 800 ਰੁਪਏ ਅਤੇ ਮੋਬਾਈਲ ਫ਼ੋਨ ਨੂੰ ਬਰਾਮਦ ਕਰਕੇ ਦੁਕਾਨ ਮਾਲਕ ਬਬੀਤਾ ਪਤਨੀ ਰਜੀਵ ਕੁਮਾਰ ਨੂੰ ਸੌਂਪਿਆ ਗਿਆ। ਇਸੇ ਤਰ੍ਹਾਂ ਸਬਜ਼ੀ ਮੰਡੀ ਤੋਂ ਮਿਲੀ ਸਕੂਟਰੀ ਸੁਖਵਿੰਦਰ ਸਿੰਘ, ਰੇਲਵੇ ਲਾਈਨਾਂ ਨੇੜਿਓਂ ਮਿਲਿਆ ਮੋਟਰਸਾਈਕਲ ਲਖਵੀਰ ਸਿੰਘ, ਸਿਟੀ ਰਾਮਪੁਰਾ ਬੱਸ ਸਟੈਂਡ ਤੋਂ ਮਿਲਿਆ ਮੋਟਰਸਾਈਕਲ ਗੁਰਪ੍ਰੀਤ ਸਿੰਘ ਅਤੇ ਪਿੰਡ ਦਾਨ ਸਿੰਘ ਵਾਲਾ ਤੋਂ ਮਿਲਿਆ ਮੋਟਰਸਾਈਕਲ ਤੋਤਾ ਰਾਮ ਨੂੰ ਵਾਪਸ ਕੀਤਾ ਗਿਆ। ਇਸ ਤੋਂ ਇਲਾਵਾ ਲਾਵਾਰਿਸ ਸਾਈਕਲ ਗੁਰਮੀਤ ਸਿੰਘ ਵਾਸੀ ਪ੍ਰਤਾਪ ਨਗਰ ਨੂੰ ਅਤੇ ਪਿੰਡ ਨੱਤ ਤੋਂ ਚੋਰੀ ਹੋਇਆ ਸਾਈਕਲ ਬਰਾਮਦ ਕਰਕੇ ਸੀਰਾ ਸਿੰਘ ਵਾਸੀ ਪਿੰਡ ਨੱਤ ਨੂੰ ਸੌਂਪਿਆ ਗਿਆ। ਦੂਜੇ ਪਾਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੀਸੀਆਰ ਟੀਮਾਂ ਵੱਲੋਂ ਚਾਰ ਦਿਨਾਂ ਵਿਚ ਕੁੱਲ 812 ਚਲਾਨ ਕੀਤੇ ਗਏ। ਲੋਕਤੰਤਰਿਕ ਪ੍ਰਣਾਲੀ ਵਿਚ ਪੁਲਿਸ ਦੀ ਜ਼ਿੰਮੇਵਾਰੀ ਸਿਰਫ਼ ਕਾਨੂੰਨ ਦੀ ਪਾਲਣਾ ਕਰਵਾਉਣ ਤੱਕ ਸੀਮਤ ਨਹੀਂ, ਸਗੋਂ ਹਰ ਨਾਗਰਿਕ ਦੀ ਜਾਨ-ਮਾਲ ਦੀ ਰਾਖੀ, ਉਸ ਦੀ ਸਮੱਸਿਆ ਦਾ ਹੱਲ ਅਤੇ ਉਸ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣਾ ਵੀ ਪੁਲਿਸ ਦਾ ਮੁੱਢਲਾ ਫ਼ਰਜ਼ ਹੈ। ਪੁਲਿਸ ਦੀ ਕਾਰਗੁਜ਼ਾਰੀ ਵਿਚ ਕਿਸੇ ਵੀ ਤਰ੍ਹਾਂ ਦਾ ਜਾਤ-ਪਾਤ, ਧਰਮ, ਅਮੀਰੀ-ਗਰੀਬੀ ਜਾਂ ਰਸੂਖ਼ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਹਰ ਨਾਗਰਿਕ ਨੂੰ ਬਰਾਬਰ ਸਨਮਾਨ, ਸਹਾਇਤਾ ਅਤੇ ਇਨਸਾਫ਼ ਮਿਲਣਾ ਚਾਹੀਦਾ ਹੈ। ਬਠਿੰਡਾ ਪੁਲਿਸ ਵੱਲੋਂ ਕੀਤੇ ਇਹ ਉਪਰਾਲੇ ਲੋਕ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹਨ। ਪੁਲਿਸ ਅਤੇ ਜਨਤਾ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਉਦੋਂ ਹੀ ਮਜ਼ਬੂਤ ਹੁੰਦਾ ਹੈ, ਜਦੋਂ ਵਰਦੀ ਦਾ ਮਕਸਦ ਲੋਕਾਂ ਦੀ ਰਾਖੀ ਅਤੇ ਭਲਾਈ ਬਣੇ। ਕਿਸੇ ਪਰਿਵਾਰ ਨੂੰ ਉਸ ਦਾ ਗੁਆਚਿਆ ਸਮਾਨ ਵਾਪਸ ਮਿਲਣਾ ਹੀ ਪੁਲਿਸ ਦੀ ਸੇਵਾ ਦਾ ਅਸਲ ਮੁੱਲ ਹੈ।