ਕੋਠਾ ਗੁਰੂ ‘ਚ ਮਿੰਨੀ ਬੱਸ ਪਲਟਣ ਨਾਲ ਦਰਜਨ ਤੋਂ ਵੱਧ ਜ਼ਖ਼ਮੀ, ਇਕ ਮਜ਼ਦੂਰ ਦੀ ਮੌਤ ਕੋਠਾ ਗੁਰੂ ‘ਚ ਬੱਸ ਪਲਟਣ ਨਾਲ ਦਰਜਨ ਤੋਂ ਵਧੇਰੇ ਜਖਮੀ, ਇਕ ਮਜ਼ਦੂਰ ਦੀ ਮੌਤ
Publish Date: Thu, 29 Oct 2026 05:27 PM (IST)
Updated Date: Thu, 29 Oct 2026 05:28 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ, ਬੀਤੀ ਰਾਤ ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਕਰੀਬ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ ਹਨ, ਜਦਕਿ ਇਕ ਰਿਕਸ਼ਾ ਚਾਲਕ ਮਜ਼ਦੂਰ ਵਿਅਕਤੀ ਦੀ ਮੌਤ ਹੋ ਗਈ ਹੈ। ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ ਸਤਿਕਾਰ ਕਮੇਟੀ ਕੋਠਾਗੁਰੂ ਦੀ ਐਂਬੂਲੈਂਸ ਰਾਹੀ ਜ਼ਖਮੀਆਂ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਾਮ ਵੇਲੇ ਸਥਾਨਕ ਸ਼ਹਿਰ ਤੋਂ ਸਵਾਰੀਆਂ ਲੈ ਕੇ ਇਕ ਮਿੰਨੀ ਬੱਸ ਰਵਾਨਾ ਹੋਈ ਸੀ। ਪਿੰਡ ਕੋਠਾ ਗੁਰੂ ਨਜਦੀਕ ਉਕਤ ਮਿੰਨੀ ਬੱਸ ਤੇ ਇਕ ਰਿਕਸ਼ੇ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਜਿਥੇ ਬੱਸ ਪਲਟ ਗਈ, ਉਥੇ ਰਿਕਸ਼ਾ ਵੀ ਬੁਰੀ ਤਰ੍ਹਾਂ ਚਕਨਾ ਚੂਰ ਹੋ ਗਿਆ ਹੈ। ਹਾਦਸੇ ਦੌਰਾਨ ਰਿਕਸ਼ਾ ਚਾਲਕ ਦਰਸ਼ਨ ਸਿੰਘ ਪੁੱਤਰ ਹਰੀ ਸਿੰਘ (40) ਵਾਸੀ ਕੋਠਾ ਗੁਰੂ, ਹਰਜਿੰਦਰ ਸਿੰਘ ਵਾਸੀ ਬੱਜੋਆਣਾ, ਕੁਲਵਿੰਦਰ ਕੌਰ ਵਾਸੀ ਕੋਠਾ ਗੁਰੂ, ਹਰਜਿੰਦਰ ਕੌਰ ਵਾਸੀ ਕੋਠਾ ਗੁਰੂ, ਜਸਵਿੰਦਰ ਕੌਰ ਵਾਸੀ ਕਲਿਆਣ ਸੁੱਖਾ, ਸੁਖਜੀਤ ਕੌਰ ਵਾਸੀ ਕੋਠਾ ਗੁਰੂ, ਅਮਨਦੀਪ ਕੌਰ ਵਾਸੀ ਕੋਠਾ, ਬਿੰਦਰ ਸਿੰਘ, ਬੱਸ ਡਰਇਵਰ ਸਮੇਤ ਦਰਜਨ ਤੋਂ ਵਧੇਰੇ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਆਰਾਂ ਵਲੋਂ ਸਥਾਨਿਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਸਿਵਲ ਹਸਪਤਾਲ ਭਗਤਾ ਵਿਖੇ ਹਾਜ਼ਰ ਸਿਹਤ ਵਿਭਾਗ ਦੀ ਟੀਮ ਵਲੋਂ ਸਖਤ ਮਿਹਨਤ ਨਾਲ ਜ਼ਖਮੀਆਂ ਨੂੰ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਨ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਸਥਾਨਕ ਪੁਲਿਸ ਸਟੇਸ਼ਨ ਦੀ ਟੀਮ ਨੇ ਵੀ ਮੌਕੇ ਪਰ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਅਨੁਸਾਰ ਰਿਕਸਾ ਚਾਲਕ ਦਰਸ਼ਨ ਸਿੰਘ (40) ਪੁੱਤਰ ਹਰੀ ਸਿੰਘ ਵਾਸੀ ਕੋਠਾ ਗੁਰੂ ਦੀ ਬਠਿੰਡਾ ਲਿਜਾਦੇ ਸਮੇਂ ਰਸਤੇ ’ਚ ਹੀ ਮੌਤ ਹੋ ਗਈ ਹੈ। ਮ੍ਰਿਤਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਕੋਠਾ ਗੁਰੂ ਵਿਖੇ ਇਕ ਦੁਕਾਨ ਉੱਪਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ 12 ਸਾਲ, 5 ਸਾਲ ਦੀਆਂ ਦੋ ਬੇਟੀਆਂ, ਅੱਠ ਸਾਲ ਦਾ ਇਕ ਬੇਟਾ, ਪਤਨੀ ਸਮੇਤ ਪਰਿਵਾਰ ਛੱਡ ਗਿਆ ਹੈ। ਬਾਕਸ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਹਾਜ਼ਰ ਨਾ ਹੋਣ ਕਾਰਨ ਆਈ ਦਿੱਕਤ ਦੇਰ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਸਰਕਾਰੀ ਹਸਪਤਾਲ ਭਗਤਾ ਭਾਈ ਨੂੰ ਐਮਪੀ ਕੋਟੇ ਵਿਚੋਂ ਮਿਲੀ ਐਂਬੂਲੈਂਸ ਹਮੇਸ਼ਾ ਦੀ ਤਰ੍ਹਾਂ ਅੱਜ ਮੁੜ ਹਸਪਤਾਲ ਅੰਦਰ ਹੀ ਸਿੰਗਾਰ ਬਣੀ ਰਹੀ। ਜ਼ਿਕਰਯੋਗ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਹਸਪਤਾਲ ਵਿਚ ਹਾਜਰ ਨਾ ਹੋਣ ਕਾਰਨ ਵੱਡੀ ਦਿੱਕਤ ਆਈ, ਜਦ ਘਟਨਾ ਸਮੇਂ ਸਹਿਰ ਦੀ ਇਕ ਪ੍ਰਾਈਵੇਟ ਐਂਬੂਲੈਂਸ ਮਹਿਲ ਕਲਾਂ ਕੋਲ ਹੋਣ ਦੇ ਬਾਵਜੂਦ ਵੀ ਭਗਤਾ ਭਾਈ ਵਿਖੇ ਪਹੁੰਚ ਗਈ। ਘਟਨਾ ਤੋਂ ਕਰੀਬ ਡੇਢ ਘੰਟੇ ਬਾਅਦ ਹਸਪਤਾਲ ਵਿਖੇ ਪਹੁੰਚੇ ਇਕ ਡਰਾਈਵਰ ਨੂੰ ਹਾਜ਼ਰ ਨਾ ਹੋਣ ਦਾ ਕਾਰਨ ਪੁੱਛਿਆ ਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਨਹੀ, ਅੱਜ ਹੋਰ ਮੁਲਾਜ਼ਮ ਦੀ ਡਿਊਟੀ ਹੈ, ਜਿਸ ਕਰਕੇ ਡਿਊਟੀ ਵਾਲਾ ਡਰਾਈਵਰ ਸਭ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ, ਰੈਫਰ ਕਰਨ, ਹਸਪਤਾਲ ਖਾਲੀ ਹੋਣ ਤੱਕ ਵੀ ਆਪਣੀ ਡਿਊਟੀ ਤੋਂ ਗਾਇਬ ਸੀ। ਕੁਝ ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਨਿੱਜੀ ਗੱਡੀਆਂ ਰਾਹੀ ਹੋਰ ਲੋਕਲ ਹਸਪਤਾਲਾਂ ਜਾਂ ਬਠਿੰਡਾ ਲਈ ਲੈ ਕੇ ਗਏ। ਸਰਕਾਰੀ ਹਸਪਤਾਲ ਦੀ ਐਂਬੂਲੈਂਸ ਦੇ ਡਰਾਇਵਰ ਦੀ ਗੈਰਹਾਜ਼ਰੀ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ, ਪੀੜਤ ਪਰਿਵਾਰ ਤੇ ਹਾਜ਼ਰ ਲੋਕ ਪੰਜਾਬ ਸਰਕਾਰ ਨੂੰ ਕੋਸਦੇ ਨਜ਼ਰ ਆਏ। ਜ਼ਿਕਰਯੋਗ ਹੈ ਅਜਿਹਾ ਪਹਿਲਾ ਵੀ ਕਈ ਵਾਰ ਸਾਹਮਣੇ ਆਉਣ ਦੇ ਬਾਵਜੂਦ ਸਿਹਤ ਵਿਭਾਗ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ।