ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ 4161 ਅਧਿਆਪਕ ਭਰਤੀ ਵਿਚੋਂ 253 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਟਰਮੀਨੇਟ, ਅਧਿਆਪਕ ਵਰਗ ਵਿਚ ਭਾਰੀ ਰੋਸ
Publish Date: Fri, 30 Oct 2026 08:16 PM (IST)
Updated Date: Sat, 31 Oct 2026 04:05 AM (IST)
4161 ਅਧਿਆਪਕ ਭਰਤੀ ਵਿਚੋਂ 253 ਪੰਜਾਬ ਸਰਕਾਰ ਵੱਲੋਂ ਟਰਮੀਨੇਟ ਅਧਿਆਪਕ ਵਰਗ ’ਚ ਭਾਰੀ ਰੋਸ ਬਠਿੰਡਾ ਵਿਚ ਅੰਬੇਦਕਰ ਪਾਰਕ ਵਿਖੇ ਰੋਸ ਪ੍ਰਦਰਸ਼ਨ ਟਰਮੀਨੇਸ਼ਨ ਦੇ ਹੁਕਮ ਰੱਦ ਕਰਕੇ ਅਧਿਆਪਕਾਂ ਦੀਆਂ ਨੌਕਰੀਆਂ ਬਹਾਲ ਕਰਨ ਦੀ ਮੰਗ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਵੱਲੋਂ 4161 ਅਧਿਆਪਕਾਂ ਦੀ ਭਰਤੀ ਵਿਚੋਂ 253 ਅਧਿਆਪਕਾਂ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਸਬੰਧੀ 28 ਅਕਤੂਬਰ 2026 ਨੂੰ ਜਾਰੀ ਕੀਤੇ ਹੁਕਮਾਂ ਖ਼ਿਲਾਫ਼ ਸਮੁੱਚੇ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਫੈਸਲੇ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਸੂਬੇ ਭਰ ਵਿਚ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਅੰਬੇਦਕਰ ਪਾਰਕ, ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋ ਕੇ ਸਰਕਾਰ ਦੇ ਫੈਸਲੇ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ। ਇਸ ਮੌਕੇ ਅਧਿਆਪਕ ਆਗੂਆਂ ਜਗਪਾਲ ਬੰਗੀ, ਰੇਸ਼ਮ ਸਿੰਘ ਖੇਮੂਆਣਾ, ਅੰਮ੍ਰਿਤਪਾਲ ਸਿੰਘ ਮਾਨ, ਹਰਦੀਪ ਸਿੰਘ, ਬਲਜਿੰਦਰ ਸਿੰਘ ਸਿੱਧੂ, ਜੋਨੀ ਸਿੰਗਲਾ, ਬਲਜਿੰਦਰ ਸਿੰਘ, ਰਾਜਵੀਰ ਸਿੰਘ ਮਾਨ ਅਤੇ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਜਥੇਬੰਦੀਆਂ 253 ਪੀੜਤ ਅਧਿਆਪਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਇਨ੍ਹਾਂ ਅਧਿਆਪਕਾਂ ਦੀ ਟਰਮੀਨੇਸ਼ਨ ਰੱਦ ਕਰਕੇ ਨੌਕਰੀਆਂ ਬਹਾਲ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 35, ਤਰਨਤਾਰਨ ਦੇ 81, ਹੁਸ਼ਿਆਰਪੁਰ ਦੇ 15, ਜਲੰਧਰ ਦੇ 21, ਬਰਨਾਲਾ ਦਾ 1, ਬਠਿੰਡਾ ਦੇ 2, ਫਾਜ਼ਿਲਕਾ ਦੇ 4, ਗੁਰਦਾਸਪੁਰ ਦਾ 1, ਲੁਧਿਆਣਾ ਦੇ 8, ਮਾਨਸਾ ਦਾ 1, ਮੋਗਾ ਦੇ 4, ਮੋਹਾਲੀ ਦੇ 2, ਪਟਿਆਲਾ ਦਾ 1, ਰੂਪਨਗਰ ਦੇ 14, ਸੰਗਰੂਰ ਦੇ 11, ਨਵਾਂਸ਼ਹਿਰ ਦੇ 19 ਅਤੇ ਸ੍ਰੀ ਮੁਕਤਸਰ ਸਾਹਿਬ ਦੇ 2 ਅਧਿਆਪਕ ਪ੍ਰਭਾਵਿਤ ਹੋਏ ਹਨ। ਅਧਿਆਪਕ ਆਗੂਆਂ ਨੇ ਭਰਤੀ ਪ੍ਰਕਿਰਿਆ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਨਾਈਲੈਟ ਕੰਪਨੀ ਵੱਲੋਂ ਲਏ ਗਏ ਟੈਸਟ ਦੀ ਉੱਤਰ ਕੁੰਜੀ ਵਿਚ 83 ਪ੍ਰਸ਼ਨਾਂ ਦੇ ਉੱਤਰ ਗਲਤ ਪਾਏ ਗਏ ਸਨ। ਇਸ ਤੋਂ ਬਾਅਦ 253 ਅਧਿਆਪਕਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤ ਦੇ ਹੁਕਮਾਂ ਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਮਾਹਿਰਾਂ ਦੀ ਟੀਮ ਨੇ ਗਲਤ ਉੱਤਰਾਂ ਨੂੰ ਠੀਕ ਕੀਤਾ, ਜਿਸ ਤੋਂ ਬਾਅਦ ਇਹ ਅਧਿਆਪਕ ਚੋਣ ਸੂਚੀ ਵਿਚ ਸ਼ਾਮਲ ਹੋਏ ਅਤੇ ਮਈ 2023 ਵਿਚ ਉਨ੍ਹਾਂ ਨੇ ਨੌਕਰੀ ਜੁਆਇਨ ਕੀਤੀ। ਆਗੂਆਂ ਅਨੁਸਾਰ ਹੁਣ ਵਿਭਾਗ ਵੱਲੋਂ ਕੰਪਨੀ ਦੀ ਪੁਰਾਣੀ ਉੱਤਰ ਕੁੰਜੀ ਨੂੰ ਸਹੀ ਮੰਨਦਿਆਂ ਇਨ੍ਹਾਂ ਅਧਿਆਪਕਾਂ ਦੀ ਚੋਣ ਰੱਦ ਕਰਕੇ ਟਰਮੀਨੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ, ਪਰ ਹੁਣ ਪਹਿਲਾਂ ਤੋਂ ਰੁਜ਼ਗਾਰ ਪ੍ਰਾਪਤ ਅਧਿਆਪਕਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨਾਲ ਜੁੜਿਆ ਗੰਭੀਰ ਮਸਲਾ ਹੈ, ਜਿਸ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪੈਨਸ਼ਨਰ ਆਗੂ ਪ੍ਰਿੰਸੀਪਲ ਰਣਜੀਤ ਸਿੰਘ, ਦਰਸ਼ਨ ਮੌੜ ਅਤੇ ਸਿਕੰਦਰ ਸਿੰਘ ਧਾਲੀਵਾਲ ਸਮੇਤ ਹੋਰ ਅਧਿਆਪਕ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।