27 ਨੂੰ ਸਰਕਾਰੀ ਹਸਪਤਾਲਾਂ ਦੀ ਓਪੀਡੀ ਬੰਦ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ 27 ਅਗਸਤ ਨੂੰ ਸਰਕਾਰੀ ਹਸਪਤਾਲਾਂ ਦੀ ਓਪੀਡੀ ਬੰਦ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
Publish Date: Tue, 25 Aug 2026 04:45 PM (IST)
Updated Date: Tue, 25 Aug 2026 04:46 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ (ਪੀਐਸਐਮਐਸਯੂ) ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਦਿੱਤੇ ਸੰਘਰਸ਼ ਦੇ ਸੱਦੇ ਦੇ ਸਮਰਥਨ ਵਿਚ ਪੀਸੀਐਮਐਸ ਐਸੋਸੀਏਸ਼ਨ ਨੇ ਵੀ ਇਕ ਦਿਨ ਲਈ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪੀਸੀਐਮਐਸ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਡਾ. ਜਰੂਪ ਸਿੰਘ ਨੇ ਡਾਇਰੈਕਟਰ ਹੈਲਥ ਸਰਵਿਸਿਜ਼, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਪੱਤਰ ਭੇਜ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਐਸੋਸੀਏਸ਼ਨ ਅਨੁਸਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਲਾਗੂ ਕਰਨ, ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਦਾ ਭੁਗਤਾਨ ਕਰਨ, ਸੱਤਵੇਂ ਤਨਖਾਹ ਕਮਿਸ਼ਨ ਦੀਆਂ ਵਿਸੰਗਤੀਆਂ ਦੂਰ ਕਰਨ ਅਤੇ ਕੰਟਰੈਕਟ, ਐਡਹਾਕ ਤੇ ਆਊਟਸੋਰਸ ਭਰਤੀ ਖ਼ਤਮ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਐਸੋਸੀਏਸ਼ਨ ਸਮਰਥਨ ਕਰਦੀ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਪੀਐਸਐਮਐਸਯੂ ਦੇ ਡੀਐਚਐਸ ਯੂਨਿਟ ਵੱਲੋਂ 27 ਅਗਸਤ ਦੇ ਅੰਦੋਲਨ ਵਿਚ ਪੀਸੀਐਮਐਸ ਕੈਡਰ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਵਿਚ ਪੀਸੀਐਮਐਸਏ ਅਹੁਦੇਦਾਰਾਂ ਵੱਲੋਂ ਪੋਲ ਰਾਹੀਂ ਮੈਂਬਰਾਂ ਦੀ ਰਾਏ ਲਈ ਗਈ। ਇਸ ਦੌਰਾਨ ਪੀਸੀਐਮਐਸ ਕੈਡਰ ਨੇ 27 ਅਗਸਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਹੱਕ ਵਿਚ ਇਕਜੁੱਟ ਸਮਰਥਨ ਦਿੱਤਾ। ਬਹੁਮਤ ਨਾਲ ਲਿਆ ਫੈਸਲਾ ਪੀਸੀਐਮਐਸਏ ਦੀ ਸੂਬਾ ਪੱਧਰੀ ਜਨਰਲ ਬਾਡੀ ਦੀ ਮੀਟਿੰਗ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ ਬਹੁਮਤ ਨਾਲ ਫੈਸਲਾ ਕੀਤਾ ਗਿਆ ਕਿ ਮੁਲਾਜ਼ਮ ਜਥੇਬੰਦੀਆਂ ਪ੍ਰਤੀ ਸਮਰਥਨ ਅਤੇ ਇਕਜੁੱਟਤਾ ਦੇ ਪ੍ਰਤੀਕ ਵਜੋਂ 27 ਅਗਸਤ ਨੂੰ ਇਕ ਦਿਨ ਲਈ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ। ਇਸ ਦੌਰਾਨ ਚੋਣਵੀਂ (ਇਲੈਕਟਿਵ) ਸਰਜਰੀ ਵੀ ਨਹੀਂ ਕੀਤੀ ਜਾਵੇਗੀ। ਹਾਲਾਂਕਿ ਜਨਰਲ ਐਮਰਜੈਂਸੀ, ਮਾਤਾ ਅਤੇ ਬੱਚਾ ਸਿਹਤ (ਐਮਸੀਐਚ) ਸੇਵਾਵਾਂ, ਐਮਰਜੈਂਸੀ ਸਰਜਰੀ, ਇਨਡੋਰ ਮਰੀਜ਼ਾਂ ਦਾ ਦਾਖਲਾ, ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਨਾਲ ਸਬੰਧਤ ਕੰਮ ਅਤੇ ਨਿਆਂਇਕ ਮੈਡੀਕਲ ਜਾਂਚ ਆਮ ਵਾਂਗ ਜਾਰੀ ਰਹੇਗੀ। ਪੀਸੀਐਮਐਸਏ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਕੈਡਰ ਨਾਲ ਜੁੜੇ ਕਈ ਅਹਿਮ ਜਨਹਿੱਤ ਦੇ ਮੁੱਦਿਆਂ ’ਤੇ ਸਕਾਰਾਤਮਕ ਰੁਖ ਅਪਣਾਉਂਦੀ ਰਹੀ ਹੈ। ਐਸੋਸੀਏਸ਼ਨ ਨੇ ਉਮੀਦ ਜਤਾਈ ਕਿ ਸਰਕਾਰ ਪੰਜਾਬ ਦੇ ਮੁਲਾਜ਼ਮ ਸੰਗਠਨਾਂ ਦੀਆਂ ਮੌਜੂਦਾ ਜਾਇਜ਼ ਮੰਗਾਂ ’ਤੇ ਵੀ ਸਕਾਰਾਤਮਕ ਕਾਰਵਾਈ ਕਰੇਗੀ।