ਓਪੀ. ਚੌਧਰੀ ਤੇ ਪ੍ਰਿਅੰਕਾ ਚੌਧਰੀ ਨੇ ਵਿਸ਼ਵ ’ਚ ਚਮਕਾਇਆ ਨਾਮ, ਵਿਸ਼ਵ ਦੇ ਚੋਟੀ ਦੇ 2 ਫੀਸਦੀ ਵਿਗਿਆਨੀਆਂ ’ਚ ਸ਼ਾਮਲ ਓਪੀ. ਚੌਧਰੀ ਤੇ ਪ੍ਰਿਅੰਕਾ ਚੌਧਰੀ ਨੇ ਵਿਸ਼ਵ ’ਚ ਚਮਕਾਇਆ ਨਾਮ
Publish Date: Thu, 08 Oct 2026 04:09 PM (IST)
Updated Date: Thu, 08 Oct 2026 04:11 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਵੈਟਰਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਦੇ ਦੋ ਫੈਕਲਟੀ ਮੈਂਬਰਾਂ ਨੇ ਵਿਸ਼ਵ ਪੱਧਰ ’ਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸਟੈਨਫੋਰਡ ਯੂਨੀਵਰਸਿਟੀ ਵੱਲੋਂ ਐਲਸੇਵੀਅਰ ਦੇ ਸਹਿਯੋਗ ਨਾਲ ਤਿਆਰ ਕੀਤੀ ਵਿਸ਼ਵ ਦੇ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਕਾਲਜ ਦੇ ਡਾ. ਓਪੀ. ਚੌਧਰੀ ਤੇ ਡਾ. ਪ੍ਰਿਅੰਕਾ ਚੌਧਰੀ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਚੌਧਰੀ ਵੈਟਰਨਰੀ ਐਨਾਟੋਮੀ ਵਿਭਾਗ ਵਿਚ ਪ੍ਰੋਫੈਸਰ ਤੇ ਡਾ. ਪ੍ਰਿਅੰਕਾ ਚੌਧਰੀ ਵੈਟਰਨਰੀ ਮਾਈਕਰੋਬਾਇਓਲੋਜੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਹਨ। ਡਾ. ਓਪੀ. ਚੌਧਰੀ ਨੇ ਸਕੋਪਸ-ਇੰਡੈਕਸਡ ਜਰਨਲਾਂ ਵਿੱਚ 180 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ ਤੇ ਉਨ੍ਹਾਂ ਦੇ 4578 ਹਵਾਲੇ ਅਤੇ ਸਕੋਪਸ ਐਚ-ਇੰਡੈਕਸ 38 ਹੈ। ਇਸੇ ਤਰ੍ਹਾਂ ਡਾ. ਪ੍ਰਿਅੰਕਾ ਚੌਧਰੀ ਦੇ 85 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਦੇ 3005 ਹਵਾਲੇ ਅਤੇ ਸਕੋਪਸ ਐਚ-ਇੰਡੈਕਸ 32 ਹੈ। ਵਿਸ਼ਵ ਦੇ ਚੋਟੀ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿਗਿਆਨੀਆਂ ਦੇ ਖੋਜ ਪ੍ਰਭਾਵ ਨੂੰ ਦਰਸਾਉਣ ਵਾਲੇ ਵੱਖ-ਵੱਖ ਮਾਪਦੰਡਾਂ, ਜਿਵੇਂ ਹਵਾਲਿਆਂ ਦੀ ਗਿਣਤੀ, ਐਚ-ਇੰਡੈਕਸ ਤੇ ਖੇਤਰ-ਆਧਾਰਿਤ ਹਵਾਲਾ ਪ੍ਰਭਾਵ ਆਦਿ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣਾ ਵਿਗਿਆਨਕ ਖੋਜ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਕਾਰੀਆਂ ਨੇ ਦੋਵੇਂ ਵਿਗਿਆਨੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਖੋਜ ਕਾਰਜਾਂ ਲਈ ਸ਼ਲਾਘਾ ਕੀਤੀ।