ਵੱਖ-ਵੱਖ ਸੜਕ ਹਾਦਸਿਆਂ ’ਚ ਇੱਕ ਦੀ ਮੌਤ, ਚਾਰ ਜ਼ਖ਼ਮੀ ਵੱਖ-ਵੱਖ ਸੜਕ ਹਾਦਸਿਆਂ ਵਿਚ ਇੱਕ ਦੀ ਮੌਤ, ਚਾਰ ਜ਼ਖ਼ਮੀ
Publish Date: Sat, 19 Sep 2026 04:32 PM (IST)
Updated Date: Sat, 19 Sep 2026 04:32 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਿਆਂ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ-ਮਾਨਸਾ ਰੋਡ ’ਤੇ ਕੋਟਫੱਤਾ ਸੂਏ ਨੇੜੇ ਇਕ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਥਾਣਾ ਕੋਟਫੱਤਾ ਦੀ ਪੁਲਿਸ ਵੀ ਮੌਜੂਦ ਸੀ। ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਦੀ ਪਛਾਣ ਅਮ੍ਰਿਤਪਾਲ ਪੁੱਤਰ ਭਾਨ ਸਿੰਘ ਵਜੋਂ ਹੋਈ ਹੈ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਵੱਲੋਂ ਮ੍ਰਿਤਕ ਦੀ ਲਾਸ਼ ਬਠਿੰਡਾ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਈ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੂੜੀ ਨਾਲ ਭਰੀ ਖੜ੍ਹੀ ਟਰਾਲੀ ਨਾਲ ਕਾਰ ਟਕਰਾਈ, ਦੋ ਨੌਜਵਾਨ ਜ਼ਖ਼ਮੀ ਇਕ ਹੋਰ ਹਾਦਸਾ ਰਾਤ ਕਰੀਬ 12 ਵਜੇ ਬਠਿੰਡਾ-ਡੱਬਵਾਲੀ ਰੋਡ ’ਤੇ ਜੋਧਪੁਰ ਰੋਮਾਣਾ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਸੜਕ ’ਤੇ ਤੂੜੀ ਨਾਲ ਭਰੀ ਟਰਾਲੀ ਖੜ੍ਹੀ ਸੀ। ਦੱਸਿਆ ਗਿਆ ਹੈ ਕਿ ਟਰਾਲੀ ’ਤੇ ਰਿਫਲੈਕਟਰ ਨਾ ਹੋਣ ਅਤੇ ਹਨੇਰਾ ਹੋਣ ਕਾਰਨ ਬਠਿੰਡਾ ਤੋਂ ਪੱਕਾ ਕਲਾਂ ਵੱਲ ਜਾ ਰਹੀ ਕਾਰ ਦੇ ਚਾਲਕ ਨੂੰ ਟਰਾਲੀ ਦਿਖਾਈ ਨਹੀਂ ਦਿੱਤੀ ਅਤੇ ਕਾਰ ਉਸ ਨਾਲ ਜਾ ਟਕਰਾਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਟੱਕਰ ਕਾਰਨ ਤੂੜੀ ਵੀ ਸੜਕ ’ਤੇ ਖਿੱਲਰ ਗਈ। ਜ਼ਖ਼ਮੀਆਂ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਹਰਿੰਦਰ ਸਿੰਘ, ਉਮਰ 25 ਸਾਲ, ਅਤੇ ਕਮਲਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ, ਉਮਰ 25 ਸਾਲ, ਦੋਵੇਂ ਵਾਸੀ ਤਲਵੰਡੀ ਸਾਬੋ, ਵਜੋਂ ਹੋਈ ਹੈ। ਦੋ ਐਕਟਿਵਾ ਦੀ ਟੱਕਰ ’ਚ ਔਰਤ ਜ਼ਖ਼ਮੀ ਸ਼ਾਮ ਕਰੀਬ 7 ਵਜੇ ਸਥਾਨਕ ਹਨੂਮਾਨ ਚੌਕ ਵਿੱਚ ਦੋ ਐਕਟਿਵਾ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਐਕਟਿਵਾ ਸਵਾਰ ਔਰਤ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਔਰਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਸਮਰਜੀਤ ਕੌਰ ਪਤਨੀ ਸੁਖਦੇਵ ਸਿੰਘ, ਉਮਰ 58 ਸਾਲ, ਵਾਸੀ ਮੋਗਾ ਵਜੋਂ ਹੋਈ ਹੈ। ਮੋਟਰਸਾਈਕਲ ਦੀ ਟੱਕਰ ਨਾਲ ਪੈਦਲ ਵਿਅਕਤੀ ਜ਼ਖ਼ਮੀ ਇਕ ਹੋਰ ਹਾਦਸਾ ਸਥਾਨਕ ਪਰਸ ਰਾਮ ਨਗਰ ਚੌਕ ਨੇੜੇ ਵਾਪਰਿਆ, ਜਿੱਥੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਕਿਸੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਕਾਰਨ ਪੈਦਲ ਜਾ ਰਿਹਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ। ਜ਼ਖ਼ਮੀ ਦੀ ਪਛਾਣ ਮਾਹੀ ਲਾਲ ਪੁੱਤਰ ਸੁੰਦਰ ਲਾਲ, ਉਮਰ 67 ਸਾਲ ਵਾਸੀ ਪਰਸ ਰਾਮ ਨਗਰ ਵਜੋਂ ਹੋਈ ਹੈ।