70 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ, 7 ਮਰੀਜ਼ਾਂ ਦੇ ਅਪਰੇਸ਼ਨ ਕਰਕੇ ਪਾਏ ਜਾਣਗੇ ਲੈਂਜ਼ ਓਮ ਸੰਨਜ਼ ਮਾਰਕੀਟਿੰਗ ਵੱਲੋਂ ਪਿੰਡ ਮਛਾਣਾ ਵਿਖੇ ਦੂਜਾ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ
Publish Date: Sat, 24 Oct 2026 03:51 PM (IST)
Updated Date: Sat, 24 Oct 2026 03:52 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਮਛਾਣਾ ਵਿਖੇ ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ, ਸੰਗਤ ਵੱਲੋਂ ਦੂਜਾ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ 70 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਜਾਂਚ ਦੌਰਾਨ 7 ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੇ ਅੱਖਾਂ ਦੇ ਅਪਰੇਸ਼ਨ ਕਰਕੇ ਲੈਂਜ਼ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਐਮਡੀ ਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਰਡੀ ਅਗਰਵਾਲ ਤੇ ਬਲਵੰਤ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਇਹ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾ. ਹਰਜੀਤ ਸਿੰਘ ਬਠਿੰਡਾ ਦੀ ਅਗਵਾਈ ਹੇਠ ਡਾਕਟਰ ਪਵਨਪ੍ਰੀਤ, ਜਸਪ੍ਰੀਤ ਸਿੰਘ, ਹਰਜਸ ਕੌਰ ਅਤੇ ਕਮਲ ਨੇ ਮਰੀਜ਼ਾਂ ਦੀ ਜਾਂਚ ਕੀਤੀ। ਧਰਮਪਾਲ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਅਪਰੇਸ਼ਨ ਲਈ ਚੁਣੇ ਗਏ ਸੱਤ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਸਮਾਂ ਦਿੱਤਾ ਗਿਆ ਹੈ। ਮਰੀਜ਼ਾਂ ਦੀ ਸਹੂਲਤ ਲਈ ਕੰਪਨੀ ਵੱਲੋਂ ਆਪਣੀ ਗੱਡੀ ਰਾਹੀਂ ਉਨ੍ਹਾਂ ਨੂੰ ਹਸਪਤਾਲ ਲਿਜਾਣ ਅਤੇ ਅਪਰੇਸ਼ਨ ਤੋਂ ਬਾਅਦ ਵਾਪਸ ਘਰ ਛੱਡਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਆਵਾਜਾਈ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਡਾ. ਹਰਜੀਤ ਸਿੰਘ ਵੱਲੋਂ ਹਰ ਮਹੀਨੇ ਦੇ ਆਖ਼ਰੀ ਦਿਨ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਅਪਰੇਸ਼ਨ ਕਰਕੇ ਲੈਂਜ਼ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਅੱਖਾਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਪਿੰਡ ਦੀ ਸਰਪੰਚ ਕਲਵਿੰਦਰ ਕੌਰ, ਸੁਰਿੰਦਰ ਸਿੰਘ, ਬਲਦੇਵ ਸਿੰਘ ਸੇਵਾਮੁਕਤ ਡੀ.ਆਰ., ਬਲਵਿੰਦਰ ਸਿੰਘ ਸੇਵਾਮੁਕਤ ਬੀਡੀਪੀਓ, ਜਰਨੈਲ ਸਿੰਘ, ਇਕਬਾਲ ਸਿੰਘ, ਸੁਖਰਾਜ ਸਿੰਘ ਸਾਬਕਾ ਪੰਚ, ਰਾਜਪਾਲ ਸਿੰਘ, ਵੇਦ ਪ੍ਰਕਾਸ਼, ਜਗਸੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।