ਪੁਰਾਣੇ ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਜਨਮ ਦਿਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ ਪੁਰਾਣੇ ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਜਨਮ ਦਿਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ
Publish Date: Mon, 07 Sep 2026 05:01 PM (IST)
Updated Date: Mon, 07 Sep 2026 05:01 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਅੱਖਰ ਗਿਆਨ ਦੇਣ ਵਾਲਾ ਨਹੀਂ ਹੁੰਦਾ, ਸਗੋਂ ਉਹ ਉਨ੍ਹਾਂ ਦੀ ਜ਼ਿੰਦਗੀ ਦਾ ਆਦਰਸ਼ ਅਤੇ ਸ਼ਖ਼ਸੀਅਤ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਮਾਰਗਦਰਸ਼ਕ ਵੀ ਹੁੰਦਾ ਹੈ। ਸਮਾਂ ਬੀਤਣ ਦੇ ਨਾਲ ਅਧਿਆਪਕ ਦੀਆਂ ਝਿੜਕਾਂ, ਸਖ਼ਤੀ ਅਤੇ ਅਨੁਸ਼ਾਸਨ ਵੀ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ। ਇਸੇ ਭਾਵਨਾ ਤਹਿਤ ਪਿੰਡ ਕੋਟਸ਼ਮੀਰ ਦੇ ਸਕੂਲ ਵਿੱਚੋਂ ਮਾਰਚ 1978 ਦੀ ਦਸਵੀਂ ਜਮਾਤ ਦੀ ਪਾਸਆਊਟ ਕਲਾਸ ਦੇ ਪੁਰਾਣੇ ਵਿਦਿਆਰਥੀ ਆਪਣੀ ਸਾਬਕਾ ਮੁੱਖ ਅਧਿਆਪਕਾ ਸ਼੍ਰੀਮਤੀ ਸਤਵੰਤ ਕੌਰ (ਰਿਟਾਇਰਡ ਡਿਪਟੀ ਡੀਈਓ) ਦੇ 93ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਿਦਿਆਰਥੀਆਂ ਨੇ ਫੁੱਲਾਂ ਦੇ ਗੁਲਦਸਤੇ ਅਤੇ ਮਿਠਾਈਆਂ ਭੇਟ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਅਤੇ ਮੈਡਮ ਸਤਵੰਤ ਕੌਰ ਵੱੱਲੋਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਮੈਡਮ ਸਤਵੰਤ ਕੌਰ ਨੇ ਵੀ ਆਪਣੇ ਪੁਰਾਣੇ ਵਿਦਿਆਰਥੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰਾਂ ’ਤੇ ਮਿਹਰ ਭਰਿਆ ਹੱਥ ਰੱਖ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰਬਜੀਤ ਕੌਰ ਅਤੇ ਸਰਦਾਰ ਪ੍ਰੀਤ ਮਹਿੰਦਰ ਸਿੰਘ ਰਿਟਾਇਰਡ ਜਨਰਲ ਮੈਨੇਜਰ, ਇੰਡਸਟਰੀਅਲ ਵਿਭਾਗ ਅਤੇ ਉੱਘੇ ਸਮਾਜ ਸੇਵੀ ਵੀ ਹਾਜ਼ਰ ਸਨ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਵਿੱਚ ਸਰਦਾਰ ਬਲਵਿੰਦਰ ਸਿੰਘ ਨੰਬਰਦਾਰ (ਅੰਤਰਰਾਸ਼ਟਰੀ ਦੌੜਾਕ), ਸਰਦਾਰ ਭੋਲਾ ਸਿੰਘ ਸ਼ਮੀਰੀਆ (ਰਿਟਾਇਰਡ ਲੈਕਚਰਾਰ), ਸਰਦਾਰ ਗੁਰਦੀਪ ਸਿੰਘ ਸੈਕਟਰੀ ਅਤੇ ਸਰਦਾਰ ਹਰਬੰਸ ਸਿੰਘ ਮਸਤਾਨਾ (ਸਾਬਕਾ ਸਰਪੰਚ) ਸਮੇਤ ਹੋਰ ਵਿਅਕਤੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।