- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਵਿਊ ਲਈ ਜਾ ਰਹੀ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨੌਕਰੀ ਖਾਤਰ ਇੰਟਰਵਿਊ ਲਈ ਘਰੋਂ ਨਿਕਲੀ 21 ਸਾਲਾ ਇੱਕ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਲੋਟ ਰੋਡ ਫਲਾਈਓਵਰ 'ਤੇ ਵੀਰਵਾਰ ਨੂੰ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਲੜਕੀ ਨੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕਾ ਦੀ ਪਛਾਣ ਰਾਜੀਵ ਗਾਂਧੀ ਕਲੋਨੀ ਦੀ ਰਹਿਣ ਵਾਲੀ ਸਾਨੀਆ ਭੂਟਾਨੀ ਵਜੋਂ ਹੋਈ ਹੈ। ਉਹ ਪੀਐੱਸਪੀਸੀਐੱਲ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਅਮਿਤ ਭੂਟਾਨੀ ਦੀ ਧੀ ਸੀ। ਜਾਣਕਾਰੀ ਅਨੁਸਾਰ ਸਾਨੀਆ ਆਪਣੇ ਕੁਝ ਸਾਥੀਆਂ ਨਾਲ ਬਾਬਾ ਫ਼ਰੀਦ ਇੰਸਟੀਚਿਊਟ ’ਚ ਨੌਕਰੀ ਲਈ ਇੰਟਰਵਿਊ ਲਈ ਕਾਰ ਰਾਹੀਂ ਜਾ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਮਲੋਟ ਰੋਡ ਫਲਾਈਓਵਰ 'ਤੇ ਪਹੁੰਚੀ ਤਾਂ ਚਾਲਕ ਦਾ ਵਾਹਨ ਤੋਂ ਕੰਟਰੋਲ ਖੁੰਝ ਗਿਆ ਅਤੇ ਕਾਰ ਫਲਾਈਓਵਰ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਸਾਨੀਆ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਕਾਰ ਵਿੱਚ ਸਵਾਰ ਹੋਰ ਸਾਥੀਆਂ ਨੂੰ ਵੀ ਸੱਟਾਂ ਆਈਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਸਾਨੀਆ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਾਨੀਆ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ੁੱਕਰਵਾਰ ਨੂੰ ਦਾਣਾ ਮੰਡੀ ਸਥਿਤ ਰਾਮਬਾਗ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਸਾਨੀਆ ਪੜ੍ਹਾਈ ਵਿੱਚ ਬਹੁਤ ਹੋਣਹਾਰ ਅਤੇ ਸੁਭਾਅ ਦੀ ਬਹੁਤ ਹੀ ਸਾਦੀ ਸੀ। ਉਹ ਆਪਣੇ ਕਰੀਅਰ ਨੂੰ ਲੈ ਕੇ ਗੰਭੀਰ ਸੀ ਅਤੇ ਨੌਕਰੀ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਸੀ। ਇੰਟਰਵਿਊ ਲਈ ਜਾਂਦਿਆਂ ਹੀ ਵਾਪਰੇ ਇਸ ਹਾਦਸੇ ਨੇ ਪਰਿਵਾਰ ਦੇ ਸਾਰੇ ਸੁਪਨੇ ਇੱਕ ਪਲ ਵਿੱਚ ਤੋੜ ਦਿੱਤੇ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸ਼ੋਕ-ਸੰਤਪਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।