ਗਣੇਸ਼ ਵਿਸਰਜਨ ਦੌਰਾਨ ਨਹਿਰ ਵਿਚ ਰੁੜ੍ਹੇ ਬੱਚਿਆਂ ਦਾ ਪੰਜ ਦਿਨ ਬਾਅਦ ਵੀ ਨਹੀਂ ਮਿਲਿਆ ਸੁਰਾਗ ਗਣੇਸ਼ ਵਿਸਰਜਨ ਦੌਰਾਨ ਨਹਿਰ ਵਿਚ ਰੁੜ੍ਹੇ ਬੱਚਿਆਂ ਦਾ ਪੰਜ ਦਿਨ ਬਾਅਦ ਵੀ ਨਹੀਂ ਮਿਲਿਆ ਸੁਰਾਗ
Publish Date: Sun, 27 Sep 2026 04:56 PM (IST)
Updated Date: Sun, 27 Sep 2026 04:57 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਗਣੇਸ਼ ਵਿਸਰਜਨ ਦੌਰਾਨ ਬਠਿੰਡਾ ਦੀ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹੇ ਭੈਣ-ਭਰਾ ਦਾ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚਿਆਂ ਦੀ ਭਾਲ ਲਈ ਐਤਵਾਰ ਨੂੰ ਆਖਰੀ ਉਮੀਦ ਫਾਊਂਡੇਸ਼ਨ ਦੇ ਪ੍ਰਗਟ ਸਿੰਘ ਆਪਣੀ ਟੀਮ ਸਮੇਤ ਬਠਿੰਡਾ ਪਹੁੰਚੇ। ਟੀਮ ਵੱਲੋਂ ਨਹਿਰ ਵਿੱਚ ਕਈ ਘੰਟਿਆਂ ਤੱਕ ਸਰਚ ਆਪ੍ਰੇਸ਼ਨ ਚਲਾਇਆ ਗਿਆ, ਪਰ ਦੇਰ ਸ਼ਾਮ ਤੱਕ ਬੱਚਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਅਜੇ ਵੀ ਉਨ੍ਹਾਂ ਦੇ ਮਿਲਣ ਦੀ ਉਮੀਦ ਹੈ। ਬੱਚਿਆਂ ਦੀ ਭਾਲ ਨਾ ਹੋਣ ਕਾਰਨ ਪਰਿਵਾਰ ਵੱਲੋਂ ਦੋ ਦਿਨ ਪਹਿਲਾਂ ਧਰਨਾ ਵੀ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਗਣੇਸ਼ ਵਿਸਰਜਨ ਦੌਰਾਨ ਦੋਵੇਂ ਬੱਚੇ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ ਸਨ। ਘਟਨਾ ਤੋਂ ਬਾਅਦ ਹੀ ਬੱਚਿਆਂ ਦੀ ਭਾਲ ਲਈ ਲਗਾਤਾਰ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਪੰਜ ਦਿਨਾਂ ਤੋਂ ਐਨ.ਡੀ.ਆਰ.ਐੱਫ. ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀਆਂ ਟੀਮਾਂ ਨਹਿਰ ਵਿੱਚ ਬੱਚਿਆਂ ਦੀ ਭਾਲ ਕਰ ਰਹੀਆਂ ਹਨ। ਟੀਮਾਂ ਵੱਲੋਂ ਨਹਿਰ ਦੇ ਵਹਾਅ ਵਾਲੇ ਇਲਾਕੇ ਵਿੱਚ ਕਈ ਕਿਲੋਮੀਟਰ ਤੱਕ ਭਾਲ ਕੀਤੀ ਜਾ ਚੁੱਕੀ ਹੈ ਅਤੇ ਘੁੱਦਾ ਪਿੰਡ ਤੱਕ ਵੀ ਤਲਾਸ਼ ਕੀਤੀ ਗਈ, ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਆਖਰੀ ਉਮੀਦ ਫਾਊਂਡੇਸ਼ਨ ਦੇ ਮੁਖੀ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲੰਬੇ ਸਮੇਂ ਤੋਂ ਨਦੀਆਂ, ਨਹਿਰਾਂ ਅਤੇ ਹੋਰ ਜਲ ਸਰੋਤਾਂ ਵਿੱਚ ਲਾਪਤਾ ਲੋਕਾਂ ਦੀ ਭਾਲ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਹੁਣ ਤੱਕ ਕਰੀਬ 25 ਹਜ਼ਾਰ ਲਾਸ਼ਾਂ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 6 ਤੋਂ 7 ਹਜ਼ਾਰ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਣ ਦਾ ਵੀ ਦਾਅਵਾ ਕੀਤਾ। ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹੁਣ ਤੱਕ 27 ਮਗਰਮੱਛ ਵੀ ਫੜ ਚੁੱਕੀ ਹੈ। ਉਨ੍ਹਾਂ ਅਨੁਸਾਰ ਟੀਮ ਕੋਲ ਕਰੀਬ ਤਿੰਨ ਕੁਇੰਟਲ ਵਜ਼ਨ ਵਾਲਾ ਮਗਰਮੱਛ ਫੜਨ ਦਾ ਰਿਕਾਰਡ ਵੀ ਹੈ। ਉਨ੍ਹਾਂ ਦੱਸਿਆ ਕਿ ਟੀਮ ਨੂੰ ਹੁਣ ਤੱਕ 630 ਐਵਾਰਡ ਮਿਲ ਚੁੱਕੇ ਹਨ। ਬੱਚਿਆਂ ਦੇ ਪਰਿਵਾਰ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਟੀਮ ਬਠਿੰਡਾ ਪਹੁੰਚੀ ਅਤੇ ਐਤਵਾਰ ਨੂੰ ਨਹਿਰ ਦੇ ਵੱਖ-ਵੱਖ ਸਥਾਨਾਂ ’ਤੇ ਭਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਦੋਵੇਂ ਬੱਚਿਆਂ ਦਾ ਪਤਾ ਲਗਾ ਲਿਆ ਜਾਵੇਗਾ। ਉਧਰ, ਐਨ.ਡੀ.ਆਰ.ਐੱਫ. ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀਆਂ ਟੀਮਾਂ ਵੱਲੋਂ ਵੀ ਆਪਣੇ ਪੱਧਰ ’ਤੇ ਸਰਚ ਮੁਹਿੰਮ ਜਾਰੀ ਹੈ।