ਮੰਗਾਂ ਪੂਰੀਆਂ ਨਾ ਹੋਣ ’ਤੇ ਐਨਐਚਐਮ ਮੁਲਾਜ਼ਮ 24 ਤੱਕ ਕਲਮ ਛੋੜ ਹੜਤਾਲ ’ਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਐਨਐਚਐਮ ਮੁਲਾਜ਼ਮ 17 ਤੋਂ 24 ਅਗਸਤ ਤੱਕ ਕਲਮ ਛੋੜ ਹੜਤਾਲ ’ਤੇ
Publish Date: Mon, 17 Aug 2026 04:46 PM (IST)
Updated Date: Mon, 17 Aug 2026 04:48 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ 17 ਤੋਂ 24 ਅਗਸਤ ਤੱਕ ਪੂਰਨ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ 14 ਅਗਸਤ ਨੂੰ ਵਿਭਾਗ ਨਾਲ ਹੋਈ ਮੀਟਿੰਗ ਦੌਰਾਨ ਵੀ ਮੰਗਾਂ ਸਬੰਧੀ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸੂਬੇ ਭਰ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਰਕਾਰ ਅਤੇ ਵਿਭਾਗ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹਰ ਵਾਰ ਮੀਟਿੰਗਾਂ ਬੇਸਿੱਟਾ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਐਨਐਚਐਮ ਅਧੀਨ ਦਹਾਕਿਆਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਬਜਟ ਜਾਂ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਮੰਗਾਂ ਨੂੰ ਟਾਲਿਆ ਜਾ ਰਿਹਾ ਹੈ। ਹੜਤਾਲ ਦੌਰਾਨ ਐਨਐਚਐਮ ਮੁਲਾਜ਼ਮ ਕਲੈਰੀਕਲ, ਪੈਰਾਮੈਡੀਕਲ ਅਤੇ ਮੈਡੀਕਲ ਕੰਮਾਂ ਸਮੇਤ ਮੀਟਿੰਗਾਂ, ਟਰੇਨਿੰਗਾਂ ਅਤੇ ਰਿਪੋਰਟਿੰਗ ਦਾ ਕੰਮ ਬੰਦ ਰੱਖਣਗੇ। ਇਸ ਦੌਰਾਨ ਸਿਵਲ ਸਰਜਨ ਅਤੇ ਐਸਐਮਓ ਦਫ਼ਤਰਾਂ ਦੇ ਬਾਹਰ ਧਰਨੇ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਤਨਖਾਹਾਂ ਵਿਚ ਵਾਧੇ ਦੀ ਜਾਇਜ਼ ਮੰਗ ਸਬੰਧੀ ਤੁਰੰਤ ਲਿਖਤੀ ਭਰੋਸਾ ਦੇਣ ਦੀ ਮੰਗ ਕੀਤੀ।