ਐਨਐਚਐਮ ਮੁਲਾਜ਼ਮਾਂ ਦੀ ਹੜਤਾਲ 2 ਸਤੰਬਰ ਤੱਕ ਵਧੀ ਐਨਐਚਐਮ ਮੁਲਾਜ਼ਮਾਂ ਦੀ ਹੜਤਾਲ 2 ਸਤੰਬਰ ਤੱਕ ਵਧੀ
Publish Date: Tue, 25 Aug 2026 04:41 PM (IST)
Updated Date: Tue, 25 Aug 2026 04:43 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮੰਗਾਂ ਦਾ ਹੱਲ ਨਾ ਹੋਣ ਅਤੇ ਸਿਹਤ ਮੰਤਰੀ ਨਾਲ 28 ਅਗਸਤ ਨੂੰ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ 2 ਸਤੰਬਰ ਤੱਕ ਟਲਣ ਤੋਂ ਨਾਰਾਜ਼ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਨੇ ਆਪਣੀ ਕਲਮ ਛੋੜ ਹੜਤਾਲ 2 ਸਤੰਬਰ ਤੱਕ ਵਧਾ ਦਿੱਤੀ ਹੈ। ਐੱਨਐੱਚਐੱਮ ਮੁਲਾਜ਼ਮ 13 ਅਗਸਤ ਤੋਂ ਕੰਮ ਬੰਦ ਕਰਕੇ ਹੜਤਾਲ ’ਤੇ ਹਨ। ਮੰਗਲਵਾਰ ਨੂੰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਡੀਸੀ ਦਫ਼ਤਰ ਵਿਖੇ ਐੱਸਡੀਐੱਮ ਅਮਨਦੀਪ ਸਿੰਘ ਮਾਵੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਨੂੰ ਯੋਗ ਮਾਧਿਅਮ ਰਾਹੀਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਵਿਭਾਗ ਵੱਲੋਂ 28 ਅਗਸਤ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਗਈ ਸੀ ਪਰ ਹੁਣ ਇਸ ਨੂੰ 2 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਕਾਰਨ ਮੁਲਾਜ਼ਮਾਂ ਨੇ ਹੜਤਾਲ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ’ਤੇ ਜਲਦ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾਵੇਗਾ। ਕਲੀਨਿਕਲ ਤੋਂ ਲੈ ਕੇ ਰਿਪੋਰਟਿੰਗ ਤੱਕ ਕੰਮ ਪ੍ਰਭਾਵਿਤ ਯੂਨੀਅਨ ਅਨੁਸਾਰ ਹੜਤਾਲ ਦੌਰਾਨ ਐਨਐਚਐਮ ਮੁਲਾਜ਼ਮਾਂ ਵੱਲੋਂ ਕਲੀਨਿਕਲ, ਪੈਰਾ-ਮੈਡੀਕਲ ਅਤੇ ਮੈਡੀਕਲ ਸੇਵਾਵਾਂ ਨਾਲ ਸਬੰਧਤ ਕੰਮਾਂ ਦੇ ਨਾਲ-ਨਾਲ ਮੀਟਿੰਗਾਂ, ਸਿਖਲਾਈ ਪ੍ਰੋਗਰਾਮਾਂ ਅਤੇ ਰਿਪੋਰਟਿੰਗ ਦਾ ਕੰਮ ਵੀ ਬੰਦ ਰੱਖਿਆ ਗਿਆ ਹੈ। ਕੰਪਿਊਟਰ ਨਾਲ ਸਬੰਧਤ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਸਿਹਤ ਵਿਭਾਗ ਨਾਲ ਜੁੜੇ ਕਈ ਨਿਯਮਤ ਕੰਮਾਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ। ਆਮ ਲੋਕਾਂ ਨੂੰ ਵੀ ਹੋ ਰਹੀ ਪ੍ਰੇਸ਼ਾਨੀ ਐੱਨਐੱਚਐੱਮ ਮੁਲਾਜ਼ਮਾਂ ਦੇ ਕੰਮ ਬੰਦ ਕਰਨ ਦਾ ਅਸਰ ਸਿਹਤ ਕੇਂਦਰਾਂ ਵਿੱਚ ਹੋਣ ਵਾਲੇ ਰੋਜ਼ਾਨਾ ਕੰਮਕਾਜ ’ਤੇ ਪੈ ਰਿਹਾ ਹੈ। ਮਰੀਜ਼ਾਂ ਨਾਲ ਸਬੰਧਤ ਰਜਿਸਟ੍ਰੇਸ਼ਨ, ਸਿਹਤ ਰਿਕਾਰਡ ਅਤੇ ਰਿਪੋਰਟਿੰਗ, ਵੱਖ-ਵੱਖ ਪ੍ਰੋਗਰਾਮਾਂ ਨਾਲ ਜੁੜੇ ਕੰਮ ਅਤੇ ਸਿਖਲਾਈ ਤੇ ਵਿਭਾਗੀ ਗਤੀਵਿਧੀਆਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮਾਂ ਲਈ ਉਡੀਕ ਕਰਨੀ ਪੈ ਰਹੀ ਹੈ। ਸਿਹਤ ਸੇਵਾਵਾਂ ਨਾਲ ਸਬੰਧਤ ਜਿਨ੍ਹਾਂ ਕੰਮਾਂ ਵਿੱਚ ਐਨਐਚਐਮ ਮੁਲਾਜ਼ਮਾਂ ਦੀ ਭੂਮਿਕਾ ਹੁੰਦੀ ਹੈ, ਉੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ 26 ਅਗਸਤ ਨੂੰ ਸਿਵਲ ਸਰਜਨ ਦਫ਼ਤਰ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਜਾਵੇਗਾ। ਇਸ ਤੋਂ ਇਲਾਵਾ 27 ਅਗਸਤ ਨੂੰ ਪੰਜਾਬ ਵਿੱਚ ਪ੍ਰਸਤਾਵਿਤ ਮਹਾਬੰਦ ਵਿੱਚ ਵੀ ਮੁਲਾਜ਼ਮ ਸ਼ਮੂਲੀਅਤ ਕਰਨਗੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਡਾ. ਧੀਰਜ ਜਿੰਦਲ, ਅਵਨੀਸ਼ ਕੁਮਾਰ, ਕ੍ਰਿਸ਼ਨ ਕੁਮਾਰ, ਚਮਕੌਰ ਸਿੰਘ, ਹਰਦੀਪ ਚੰਦ, ਅਨੀਤਾ ਰਾਣੀ, ਕੈਲਾਸ਼ ਬਾਬੂ, ਦੀਪ ਗਰਗ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।