ਐਨਐਚਐਮ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਜਾਰੀ ਐਨਐਚਐਮ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਜਾਰੀ
Publish Date: Tue, 01 Sep 2026 05:44 PM (IST)
Updated Date: Tue, 01 Sep 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਮੰਗਲਵਾਰ ਨੂੰ ਵੀ ਜਾਰੀ ਰਹੀ। ਸਿਵਲ ਸਰਜਨ ਦਫ਼ਤਰ ਬਠਿੰਡਾ ਸਮੇਤ ਜ਼ਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਮੁਲਾਜ਼ਮਾਂ ਨੇ ਕੰਮ ਦਾ ਬਾਈਕਾਟ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਨੇ ਹੜਤਾਲ ਦੋ ਸਤੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਆਗੂਆਂ ਅਨੁਸਾਰ ਮੁਲਾਜ਼ਮ 13 ਅਗਸਤ ਤੋਂ ਲਗਾਤਾਰ ਕਲਮ ਛੋੜ ਹੜਤਾਲ ’ਤੇ ਹਨ। ਮੰਗਲਵਾਰ ਨੂੰ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਰਕਾਰ ਅਤੇ ਸਿਹਤ ਵਿਭਾਗ ਅੱਗੇ ਆਵਾਜ਼ ਉਠਾ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ। ਮੁਲਾਜ਼ਮਾਂ ਨੇ ਦੱਸਿਆ ਕਿ ਮੰਗਾਂ ਸਬੰਧੀ ਐਨਐਚਐਮ ਦੇ ਮਿਸ਼ਨ ਡਾਇਰੈਕਟਰ ਨਾਲ ਵਿਭਾਗੀ ਮੀਟਿੰਗ ਹੋ ਚੁੱਕੀ ਹੈ। ਮੀਟਿੰਗ ਵਿੱਚ ਮੰਗਾਂ ’ਤੇ ਵਿਚਾਰ ਕਰਦਿਆਂ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦੋ ਸਤੰਬਰ ਨੂੰ ਸਿਹਤ ਮੰਤਰੀ ਨਾਲ ਵੀ ਮੀਟਿੰਗ ਤੈਅ ਹੈ। ਮੁਲਾਜ਼ਮਾਂ ਨੂੰ ਉਮੀਦ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਮੰਗਾਂ ਦਾ ਕੋਈ ਸਕਾਰਾਤਮਕ ਹੱਲ ਨਿਕਲੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਠਿੰਡਾ ਵਿੱਚ ਜਸਵੀਰ ਕੌਰ, ਪਰਮਜੀਤ ਕੌਰ, ਅਵਨੀਸ਼ ਕੁਮਾਰ, ਰਣਜੀਤ ਕੌਰ, ਮਨਫੂਲ ਸਿੰਘ, ਦੀਪਕ ਗਰਗ ਅਤੇ ਬਲਜਿੰਦਰ ਸਿੰਘ ਸਮੇਤ ਹੋਰ ਮੁਲਾਜ਼ਮ ਮੌਜੂਦ ਰਹੇ। ਸੀਐਚਸੀ ਭਗਤਾ ਵਿੱਚ ਰੇਸ਼ਮ ਸਿੰਘ, ਹਰਦੀਪ ਚੰਦ, ਜਸਵੀਰ ਕੌਰ, ਰਾਕੇਸ਼ ਕੁਮਾਰ ਅਤੇ ਖੁਸ਼ਪਾਲ ਕੌਰ ਵੀ ਹਾਜ਼ਰ ਸਨ।