ਵਿਸ਼ਵਨਾਥ ਕਤਲਕਾਂਡ: 28 ਦਿਨ ਬਾਅਦ ਵੀ 5 ਨਾਮਜ਼ਦ ਮੁਲਜ਼ਮ ਫਰਾਰ, ਪਰਿਵਾਰ ਨੇ ਐਸਪੀ ਕੋਲ ਲਾਈ ਗ੍ਰਿਫ਼ਤਾਰੀ ਦੀ ਗੁਹਾਰ 28 ਦਿਨ ਬਾਅਦ ਵੀ 5 ਨਾਮਜ਼ਦ ਮੁਲਜ਼ਮ ਫਰਾਰ, ਪਰਿਵਾਰ ਨੇ ਐਸਪੀ ਕੋਲ ਲਾਈ ਗ੍ਰਿਫ਼ਤਾਰੀ ਦੀ ਗੁਹਾਰ
Publish Date: Mon, 28 Sep 2026 04:58 PM (IST)
Updated Date: Mon, 28 Sep 2026 05:00 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਿਊ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਦੇ ਸਾਬਕਾ ਮੈਨੇਜਰ ਵਿਸ਼ਵਨਾਥ ਸਿੰਘ ਦੇ ਕਤਲ ਮਾਮਲੇ ਵਿੱਚ ਐਫਆਈਆਰ ਦਰਜ ਹੋਏ 28 ਦਿਨ ਬੀਤ ਜਾਣ ਦੇ ਬਾਵਜੂਦ 6 ਨਾਮਜ਼ਦ ਮੁਲਜ਼ਮਾਂ ਵਿੱਚੋਂ ਅਜੇ ਤਕ ਸਿਰਫ਼ ਇਕ ਦੀ ਗ੍ਰਿਫ਼ਤਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਕੀ 5 ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੀ ਪਤਨੀ ਨੇਹਾ ਅਤੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਐਸਪੀ ਅਸਵੰਤ ਸਿੰਘ ਨੂੰ ਮਿਲੇ। ਪਰਿਵਾਰ ਨੇ ਪੁਲਿਸ ਅਧਿਕਾਰੀ ਸਾਹਮਣੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਮਾਮਲੇ ਪਿੱਛੇ ਕਥਿਤ ਪੂਰੀ ਸਾਜ਼ਿਸ਼ ਦਾ ਖੁਲਾਸਾ ਕਰਨ ਦੀ ਮੰਗ ਰੱਖੀ। ਪਰਿਵਾਰਕ ਮੈਂਬਰਾਂ ਅਨੁਸਾਰ ਐਸਪੀ ਅਸਵੰਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀ ਹੈ ਅਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਐਸਪੀ ਵੱਲੋਂ ਪਰਿਵਾਰ ਤੋਂ ਇਸ ਕਾਰਵਾਈ ਲਈ ਕੁਝ ਦਿਨ ਦਾ ਸਮਾਂ ਮੰਗਿਆ ਗਿਆ ਹੈ। ਪਰਿਵਾਰ ਨੇ ਕਿਹਾ ਕਿ ਉਹ ਹੁਣ ਪੁਲਿਸ ਦੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਵਨਾਥ ਸਿੰਘ ਦੀ ਮੌਤ ਤੋਂ ਬਾਅਦ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਕੋਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਾ ਆ ਰਿਹਾ ਹੈ। ਪਰਿਵਾਰ ਅਨੁਸਾਰ ਇਸ ਸਬੰਧੀ ਐਸਐਚਓ, ਡੀਐਸਪੀ, ਐਸਐਸਪੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾ ਚੁੱਕੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਸਿਰਫ਼ ਇੱਕ ਨਾਮਜ਼ਦ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ, ਜਦਕਿ ਬਾਕੀ ਪੰਜ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪਰਿਵਾਰ ਵੱਲੋਂ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਮਾਮਲੇ ਦੀ ਪੂਰੀ ਤਹਿ ਤੱਕ ਜਾਂਚ ਕੀਤੀ ਜਾਵੇ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਬਿਹਾਰ ਨਾਲ ਸਬੰਧਤ ਵਿਸ਼ਵਨਾਥ ਸਿੰਘ ਬਠਿੰਡਾ ਦੇ ਬਾਬਾ ਫਰੀਦ ਨਗਰ ਵਿੱਚ ਰਹਿੰਦਾ ਸੀ ਅਤੇ ਨਿਊ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਟਰਾਂਸਪੋਰਟ ਮਾਲਕ ਵੱਲੋਂ ਉਸ ’ਤੇ ਖਾਤਿਆਂ ਵਿੱਚ ਕਥਿਤ ਤੌਰ ’ਤੇ ਗਲਤ ਐਂਟਰੀਆਂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਵਿਸ਼ਵਨਾਥ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ ਕਾਰਨ ਉਸ ਨੇ 4 ਅਗਸਤ ਨੂੰ ਨੌਕਰੀ ਛੱਡ ਦਿੱਤੀ ਸੀ। ਪਰਿਵਾਰ ਮੁਤਾਬਕ ਇਸ ਤੋਂ ਬਾਅਦ ਉਸ ਦਾ ਟਰਾਂਸਪੋਰਟ ਮਾਲਕ ਨਾਲ ਵਿਵਾਦ ਹੋ ਗਿਆ ਸੀ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਅਸਲ ਪਿਛੋਕੜ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। 20 ਅਗਸਤ ਨੂੰ ਗੱਲਬਾਤ ਦੇ ਬਹਾਨੇ ਬੁਲਾਉਣ ਦਾ ਦਾਅਵਾ ਪਰਿਵਾਰ ਅਨੁਸਾਰ 20 ਅਗਸਤ ਨੂੰ ਪ੍ਰਿੰਸ ਕੁਮਾਰ ਨੇ ਵਿਸ਼ਵਨਾਥ ਸਿੰਘ ਨੂੰ ਕਿਸੇ ਜ਼ਰੂਰੀ ਗੱਲਬਾਤ ਦੇ ਬਹਾਨੇ ਬੁਲਾਇਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਕਿਸੇ ਅਣਹੋਣੀ ਦੀ ਆਸ਼ੰਕਾ ਦੇ ਚੱਲਦਿਆਂ ਘਰ ਤੋਂ ਨਿਕਲਦੇ ਸਮੇਂ ਵਿਸ਼ਵਨਾਥ ਨੇ ਮੋਬਾਈਲ ਦਾ ਕੈਮਰਾ ਚਾਲੂ ਕਰਕੇ ਫੋਨ ਆਪਣੀ ਜੇਬ ਵਿੱਚ ਰੱਖ ਲਿਆ ਸੀ। ਪਰਿਵਾਰ ਮੁਤਾਬਕ ਬਾਅਦ ਵਿੱਚ ਮੋਬਾਈਲ ਵਿੱਚੋਂ ਕੁਝ ਆਵਾਜ਼ਾਂ ਅਤੇ ਰਿਕਾਰਡਿੰਗ ਮਿਲੀ, ਜਿਸ ਵਿੱਚ ਰਸਤੇ ਦੌਰਾਨ ਮੋਟਰਸਾਈਕਲ ਨੂੰ ਟੱਕਰ ਲੱਗਣ ਅਤੇ ਵਿਸ਼ਵਨਾਥ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਕਾਰ ਵਿੱਚ ਲਿਜਾਣ ਨਾਲ ਸਬੰਧਤ ਆਵਾਜ਼ਾਂ ਹੋਣ ਦਾ ਦਾਅਵਾ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਹ ਰਿਕਾਰਡਿੰਗ ਜਾਂਚ ਵਿੱਚ ਇੱਕ ਮਹੱਤਵਪੂਰਨ ਸਬੂਤ ਬਣੀ। ਇਸ ਸਬੰਧੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। 11 ਦਿਨ ਬਾਅਦ ਡਰੇਨ ਵਿੱਚੋਂ ਮਿਲੀ ਸੀ ਲਾਸ਼ 20 ਅਗਸਤ ਨੂੰ ਲਾਪਤਾ ਹੋਏ ਵਿਸ਼ਵਨਾਥ ਸਿੰਘ ਦੀ ਲਾਸ਼ 31 ਅਗਸਤ ਨੂੰ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਵਿੱਚੋਂ ਬਰਾਮਦ ਹੋਈ ਸੀ। ਪਰਿਵਾਰ ਅਨੁਸਾਰ ਉਸ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ। ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵੱਲੋਂ ਇਸ ਨੂੰ ਕਤਲ ਦਾ ਮਾਮਲਾ ਦੱਸਦਿਆਂ ਪੁਲਿਸ ਤੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਲਗਾਤਾਰ ਪਹੁੰਚ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਮੁਤਾਬਕ ਪੁਲਿਸ ਨੇ 1 ਸਤੰਬਰ ਨੂੰ ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਅਰੁਣ, ਦਮਨਪ੍ਰੀਤ ਸਿੰਘ, ਅੰਸ਼ਦੀਪ ਸਿੰਘ ਅਤੇ ਪ੍ਰਿੰਸ ਕੁਮਾਰ ਖ਼ਿਲਾਫ਼ ਕਤਲ, ਅਗਵਾ, ਸਬੂਤ ਮਿਟਾਉਣ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ ਪ੍ਰਿੰਸ ਕੁਮਾਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਪਰਿਵਾਰ ਵੱਲੋਂ ਦਿੱਤੀ ਗਈ ਹੈ, ਜਦਕਿ ਬਾਕੀ ਪੰਜ ਨਾਮਜ਼ਦ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਪਰਿਵਾਰ ਦੀ ਮੰਗ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ, ਤਾਂ ਜੋ ਕਥਿਤ ਸਾਜ਼ਿਸ਼ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ। ਪਤਨੀ ਨੇਹਾ ਪਹਿਲਾਂ ਦੇ ਚੁੱਕੀ ਹੈ ਭੁੱਖ ਹੜਤਾਲ ਦੀ ਚਿਤਾਵਨੀ ਮ੍ਰਿਤਕ ਦੀ ਪਤਨੀ ਨੇਹਾ ਵੱਲੋਂ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਮੁੱਖ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਐਸਐਸਪੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰੇਗੀ। ਸੋਮਵਾਰ ਨੂੰ ਐਸਪੀ ਅਸਵੰਤ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਕੀ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਮਿਲਿਆ ਹੈ। ਐਸਪੀ ਵੱਲੋਂ ਕੁਝ ਦਿਨ ਦਾ ਸਮਾਂ ਮੰਗਿਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਉਡੀਕ ਕਰੇਗਾ। ਜੇਕਰ ਨਿਰਧਾਰਤ ਸਮੇਂ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਪਰਿਵਾਰ ਵੱਲੋਂ ਅਗਲੇ ਸੰਘਰਸ਼ ਸਬੰਧੀ ਫੈਸਲਾ ਲਿਆ ਜਾਵੇਗਾ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਕਰਕੇ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਅਤੇ ਵਿਸ਼ਵਨਾਥ ਸਿੰਘ ਦੀ ਮੌਤ ਨਾਲ ਜੁੜੇ ਸਾਰੇ ਤੱਥ ਸਾਹਮਣੇ ਲਿਆਂਦੇ ਜਾਣ।