ਸੜਕ ਹਾਦਸਿਆਂ ’ਚ 6 ਵਿਅਕਤੀ ਜ਼ਖ਼ਮੀ, ਦੋ ਦੀ ਹਾਲਤ ਗੰਭੀਰ ਸੜਕ ਹਾਦਸਿਆਂ ਵਿੱਚ 6 ਵਿਅਕਤੀ ਜ਼ਖ਼ਮੀ, ਦੋ ਦੀ ਹਾਲਤ ਗੰਭੀਰ
Publish Date: Tue, 17 Nov 2026 03:50 PM (IST)
Updated Date: Tue, 17 Nov 2026 03:51 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿਚ 6 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਦੀਆਂ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮਾਂ ਵੱਲੋਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਹਾਦਸਾ ਸਥਾਨਕ ਮੁਲਤਾਨੀਆ ਰੋਡ ’ਤੇ ਥਾਣਾ ਸਦਰ ਨੇੜੇ ਵਾਪਰਿਆ, ਜਿੱਥੇ ਕਾਰ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋਵੇਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਸੋਨੂੰ ਪੁੱਤਰ ਕਾਲੂ ਰਾਮ ਵਾਸੀ ਭੁੱਚੋ ਮੰਡੀ ਤੇ ਜਸਵੀਰ ਸਿੰਘ (31) ਵਾਸੀ ਮੱਲਵਾਲਾ ਵਜੋਂ ਹੋਈ। ਦੂਜਾ ਹਾਦਸਾ ਬਠਿੰਡਾ-ਮਲੋਟ ਰੋਡ ’ਤੇ ਅੰਬੂਜਾ ਸੀਮੈਂਟ ਫੈਕਟਰੀ ਨੇੜੇ ਵਾਪਰਿਆ, ਜਿੱਥੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਬਸੰਤ ਸਿੰਘ (35) ਵਾਸੀ ਗੋਨਿਆਣਾ ਜ਼ਖ਼ਮੀ ਹੋ ਗਿਆ। ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਸੰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ। ਇਸੇ ਤਰ੍ਹਾਂ ਬਠਿੰਡਾ-ਮਲੋਟ ਰੋਡ ’ਤੇ ਹੀ ਇਕ ਹੋਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀ ਪਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ। ਚੌਥਾ ਹਾਦਸਾ ਬਠਿੰਡਾ-ਰਾਮਪੁਰਾ-ਭੁੱਚੋ ਰੋਡ ’ਤੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਰਮਨ ਸਿੱਧੂ, ਨਿਤੀਸ਼ ਸੇਨ ਅਤੇ ਵਿੱਕੀ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਸਲੀਮ ਖ਼ਾਨ ਪੁੱਤਰ ਪਾਲੀ ਸਿੰਘ ਵਾਸੀ ਬੋਗਰ ਵਾਲਾ, ਰਾਮਪੁਰਾ ਫੂਲ ਅਤੇ ਅਨਮੋਲ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਕਰਾੜਵਾਲਾ ਵਜੋਂ ਹੋਈ।