ਕੂੜਾ ਨਗਰ ਨਿਗਮ ਦੀਆਂ ਗੱਡੀਆਂ ਨੂੰ ਦੇਣਾ ਜ਼ਰੂਰੀ news from Bathinda
Publish Date: Thu, 02 Jul 2026 07:55 PM (IST)
Updated Date: Fri, 03 Jul 2026 04:14 AM (IST)
ਅਜਿਹਾ ਨਾ ਕਰਨ ਵਾਲਿਆਂ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ ਗੰਦਗੀ ਫੈਲਾਉਣ ਵਾਲਿਆਂ ’ਤੇ ਵੀ ਨਿਗਮ ਦਾ ਸ਼ਿਕੰਜਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਨਗਰ ਨਿਗਮ ਬਠਿੰਡਾ ਨੇ ਜਨਤਕ ਥਾਵਾਂ ਤੇ ਗੰਦਗੀ ਫੈਲਾਉਣ ਅਤੇ ਘਰੇਲੂ ਜਾਂ ਵਪਾਰਕ ਕਚਰਾ ਨਿਗਮ ਦੀਆਂ ਅਧਿਕਾਰਤ ਕਚਰਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਦੇਣ ਦੀ ਬਜਾਏ ਸੜਕਾਂ, ਖਾਲੀ ਪਲਾਟਾਂ ਜਾਂ ਹੋਰ ਜਨਤਕ ਥਾਵਾਂ ’ਤੇ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੇਅਰ ਪਦਮਜੀਤ ਮਹਿਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਦੀ ਸੈਨੀਟੇਸ਼ਨ ਸ਼ਾਖਾ ਵੱਲੋਂ 100 ਫੁੱਟ ਰੋਡ ਸਥਿਤ ਪੁੱਡਾ ਮਾਰਕੀਟ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕਈ ਹੋਟਲਾਂ, ਰੈਸਟੋਰੈਂਟਾਂ, ਕੈਫਿਆਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਜਾਂਚ ਕੀਤੀ ਗਈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੰਚਾਲਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਸਫ਼ਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਚੀਫ਼ ਸੈਨੀਟਰੀ ਇੰਸਪੈਕਟਰ ਸੰਦੀਪ ਕਟਾਰੀਆ ਦੀ ਅਗਵਾਈ ਹੇਠ ਚਲਾਈ ਗਈ ਇਸ ਕਾਰਵਾਈ ਦੌਰਾਨ ਜਾਂਚ ਟੀਮ ਨੇ ਪਾਇਆ ਕਿ ਕੁਝ ਵਪਾਰਕ ਅਦਾਰੇ ਆਪਣਾ ਰੋਜ਼ਾਨਾ ਨਿਕਲਣ ਵਾਲਾ ਗਿੱਲਾ ਅਤੇ ਸੁੱਕਾ ਕਚਰਾ ਨਗਰ ਨਿਗਮ ਦੀਆਂ ਕਚਰਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਦੇਣ ਦੀ ਬਜਾਏ ਪੁਡਾ ਮਾਰਕੀਟ ਦੇ ਪਿੱਛੇ ਖੁੱਲ੍ਹੀ ਥਾਂ ’ਤੇ ਇਕੱਠਾ ਕਰ ਰਹੇ ਸਨ। ਨਿਗਮ ਅਧਿਕਾਰੀਆਂ ਮੁਤਾਬਕ ਬਾਅਦ ਵਿੱਚ ਇਹ ਕਚਰਾ ਨਿੱਜੀ ਸਫ਼ਾਈ ਕਰਮਚਾਰੀਆਂ ਰਾਹੀਂ ਰਾਤ ਦੇ ਸਮੇਂ ਨਗਰ ਨਿਗਮ ਦੇ ਡੰਪਿੰਗ ਪੁਆਇੰਟ ਤੇ ਸੁੱਟਿਆ ਜਾਂਦਾ ਸੀ। ਇਸ ਤਰ੍ਹਾਂ ਦੀ ਪ੍ਰਕਿਰਿਆ ਨਾ ਸਿਰਫ਼ ਨਗਰ ਨਿਗਮ ਦੀ ਕਚਰਾ ਪ੍ਰਬੰਧਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਲਾਕੇ ਵਿੱਚ ਬਦਬੂ, ਗੰਦਗੀ ਅਤੇ ਪ੍ਰਦੂਸ਼ਣ ਫੈਲਣ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਈ ਵਪਾਰਕ ਅਦਾਰਿਆਂ ਵੱਲੋਂ ਮਾਰਕੀਟ ਦੇ ਅੰਦਰ ਅਤੇ ਪਿੱਛੇ ਬਣੀ ਪਾਰਕਿੰਗ ਵਿੱਚ ਵੀ ਕਚਰਾ ਸੁੱਟਿਆ ਜਾ ਰਿਹਾ ਸੀ। ਠੋਸ ਕਚਰੇ ਅਤੇ ਗੰਦਗੀ ਕਾਰਨ ਸੀਵਰੇਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ, ਜਿਸ ਕਾਰਨ ਨਾਲੀਆਂ ਜਾਮ ਹੋਣ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਮਿਲ ਰਹੀਆਂ ਸਨ। ਨਿਗਮ ਟੀਮ ਨੇ ਮੌਕੇ ਤੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕਰਦੇ ਹੋਏ ਸਬੰਧਤ ਸੰਚਾਲਕਾਂ ਨੂੰ ਤੁਰੰਤ ਕੂੜਾ ਹਟਾਉਣ, ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਅਭਿਆਨ ਦੌਰਾਨ ਇਹ ਵੀ ਦੇਖਣ ਵਿੱਚ ਆਇਆ ਕਿ ਕੁਝ ਸੰਚਾਲਕਾਂ ਨੇ ਮਾਰਕੀਟ ਦੀ ਸਾਂਝੀ ਪਾਰਕਿੰਗ ਵਿੱਚ ਵੱਡੇ ਜਨਰੇਟਰ ਅਤੇ ਹੋਰ ਸਮਾਨ ਰੱਖ ਕੇ ਗੈਰ-ਕਾਨੂੰਨੀ ਕਬਜ਼ਾ ਕਰ ਰੱਖਿਆ ਸੀ। ਇਸ ਕਾਰਨ ਨਾ ਸਿਰਫ਼ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਸਗੋਂ ਐਮਰਜੈਂਸੀ ਹਾਲਾਤਾਂ ਵਿੱਚ ਵੀ ਰੁਕਾਵਟ ਪੈਦਾ ਹੋ ਸਕਦੀ ਸੀ। ਨਗਰ ਨਿਗਮ ਅਧਿਕਾਰੀਆਂ ਨੇ ਅਜਿਹੇ ਸੰਚਾਲਕਾਂ ਦੇ ਵੀ ਚਲਾਨ ਕੱਟੇ ਅਤੇ ਉਨ੍ਹਾਂ ਨੂੰ ਤੁਰੰਤ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਕਬਜ਼ੇ ਨਾ ਹਟਾਏ ਗਏ ਤਾਂ ਨਗਰ ਨਿਗਮ ਆਪਣੇ ਪੱਧਰ ਤੇ ਕਾਰਵਾਈ ਕਰਦੇ ਹੋਏ ਸਮਾਨ ਜ਼ਬਤ ਕਰਨ ਅਤੇ ਖ਼ਰਚਾ ਵੀ ਸਬੰਧਤ ਸੰਚਾਲਕਾਂ ਤੋਂ ਵਸੂਲ ਕਰਨ ਦੀ ਕਾਰਵਾਈ ਕਰੇਗਾ। ਨਿਗਮ ਅਧਿਕਾਰੀਆਂ ਨੇ ਸਾਰੇ ਹੋਟਲਾਂ, ਰੈਸਟੋਰੈਂਟਾਂ, ਕੈਫਿਆਂ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਉਹ ਨਗਰ ਨਿਗਮ ਨਾਲ ਕਚਰਾ ਇਕੱਠਾ ਕਰਨ ਸਬੰਧੀ ਲਾਜ਼ਮੀ ਸਮਝੌਤਾ (ਐਗਰੀਮੈਂਟ) ਕਰਨ ਅਤੇ ਰੋਜ਼ਾਨਾ ਨਿਕਲਣ ਵਾਲਾ ਕਚਰਾ ਸਿਰਫ਼ ਨਿਗਮ ਦੀਆਂ ਅਧਿਕਾਰਤ ਗੱਡੀਆਂ ਨੂੰ ਹੀ ਸੌਂਪਣ। ਅਧਿਕਾਰੀਆਂ ਨੇ ਕਿਹਾ ਕਿ ਕਚਰਾ ਪ੍ਰਬੰਧਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਾ ਸਿਰਫ਼ ਆਰਥਿਕ ਜੁਰਮਾਨਾ ਕੀਤਾ ਜਾਵੇਗਾ, ਸਗੋਂ ਲੋੜ ਪੈਣ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਚੀਫ਼ ਸੈਨੀਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਸੈਨੀਟਰੀ ਇੰਸਪੈਕਟਰਾਂ ਅਤੇ ਸੈਨੀਟਰੀ ਸੁਪਰਵਾਈਜ਼ਰਾਂ ਨੂੰ ਆਪਣੇ-ਆਪਣੇ ਜ਼ੋਨਾਂ ਵਿੱਚ ਨਿਯਮਿਤ ਤੌਰ ਤੇ ਚੈਕਿੰਗ ਅਭਿਆਨ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿੱਥੇ ਵੀ ਜਨਤਕ ਥਾਵਾਂ ਤੇ ਗੰਦਗੀ ਫੈਲਾਉਣ, ਖੁੱਲ੍ਹੇ ਵਿੱਚ ਕਚਰਾ ਸੁੱਟਣ ਜਾਂ ਕਚਰਾ ਪ੍ਰਬੰਧਨ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਸਾਹਮਣੇ ਆਉਣਗੇ, ਉੱਥੇ ਤੁਰੰਤ ਚਲਾਨ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਹੋਰ ਸੀਨੀਅਰ ਅਧਿਕਾਰੀ ਕਿਸੇ ਵੀ ਵੇਲੇ ਸ਼ਹਿਰ ਦੇ ਕਿਸੇ ਵੀ ਖੇਤਰ ਦਾ ਅਚਾਨਕ ਨਿਰੀਖਣ ਕਰ ਸਕਦੇ ਹਨ। ਜੇਕਰ ਕਿਸੇ ਇਲਾਕੇ ਵਿੱਚ ਗੰਦਗੀ, ਕੂੜੇ ਦੇ ਢੇਰ ਜਾਂ ਸਫ਼ਾਈ ਪ੍ਰਬੰਧਾਂ ਵਿੱਚ ਲਾਪਰਵਾਹੀ ਮਿਲੀ ਤਾਂ ਸਬੰਧਤ ਵਿਅਕਤੀਆਂ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਿਗਮ ਦਾ ਸਹਿਯੋਗ ਕਰਨ, ਕਚਰਾ ਇਧਰ-ਉਧਰ ਸੁੱਟਣ ਤੋਂ ਗੁਰੇਜ਼ ਕਰਨ ਅਤੇ ਸਿਰਫ਼ ਨਿਗਮ ਦੀਆਂ ਅਧਿਕਾਰਤ ਕਚਰਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਹੀ ਕਚਰਾ ਦੇਣ। ਨਿਗਮ ਦਾ ਕਹਿਣਾ ਹੈ ਕਿ ਸਫ਼ਾਈ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਹੀ ਸ਼ਹਿਰ ਨੂੰ ਸਵੱਛ, ਸੁੰਦਰ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ।