ਸ਼ੀਸ਼ ਮਹਿਲ ਨੇ ਕੇਜਰੀਵਾਲ ਦੇ ਦਾਅਵਿਆ ਦੀ ਕੱਢੀ ਫੂਕ : ਗੁਰਪ੍ਰੀਤ ਮਲੂਕਾ ਸ਼ੀਸ਼ ਮਹਿਲ ਨੇ ਕੇਜਰੀਵਾਲ ਦੇ ਦਾਅਵਿਆ ਦੀ ਕੱਢੀ ਫੂਕ-ਗੁਰਪ੍ਰੀਤ ਮਲੂਕਾ
Publish Date: Sun, 29 Nov 2026 05:27 PM (IST)
Updated Date: Sun, 29 Nov 2026 05:29 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਆਪਣੇ ਰਹਿਣ ਲਈ ਬਣਾਇਆ ਗਿਆ ਬਹੁ ਕਰੋੜੀ ਮਹਿਲ ਆਮ ਆਦਮੀ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਖੜ੍ਹਾ ਕਰ ਰਿਹਾ ਹੈ ਅਤੇ ਪਾਰਟੀ ਵਿਰੋਧੀਆਂ ਦੇ ਸਵਾਲਾਂ ਦਾ ਆਪ ਠੋਸ ਜਵਾਬ ਨਹੀਂ ਸਕੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਜਰੀਵਾਲ ਦੇ ਸ਼ੀਸ਼ ਮਹਿਲ ’ਤੇ ਸਵਾਲ ਖੜੇ ਕਰਦਿਆਂ ਕਿਹਾ ਕੇ ਕਿਹਾ ਕਿ ‘ਸ਼ੀਸ਼ ਮਹਿਲ’ ਵਿਵਾਦ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਏ ਗਏ ‘ਆਮ ਆਦਮੀ’ ਦੇ ਨਕਾਬ ਨੂੰ ਪੂਰੀ ਤਰ੍ਹਾਂ ਉਤਾਰ ਦਿੱਤਾ ਹੈ, ਰਾਜਨੀਤੀ ਵਿਚ ਪੈਰ ਧਰਦਿਆਂ ਹੀ ਪਹਿਲੀ ਚੋਣ ਸਮੇਂ ਕੇਜਰੀਵਾਲ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਉਹ ਕਦੇ ਵੀ ਸਰਕਾਰੀ ਬੰਗਲਾ, ਵੱਡੀ ਸਰਕਾਰੀ ਗੱਡੀ, ਸੁਰੱਖਿਆ ਅਤੇ ਹੋਰ ਵੀਆਈਪੀ ਸਹੂਲਤਾ ਨਹੀਂ ਲੈਣਗੇ। ਕੇਜਰੀਵਾਲ ਨੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੇ ਸਾਰੇ ਹੀ ਵੱਡੇ ਆਗੂਆਂ ਨੂੰ ਸਾਦਗੀ ਦਾ ਪਾਠ ਪੜ੍ਹਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ, ਪਰ ਸੱਤਾ ਤੇ ਕਾਬਿਜ ਹੁੰਦਿਆਂ ਹੀ ਕੇਜਰੀਵਾਲ ਨੇ ਨੇਤਕਿਤਾ ਤੇ ਇਖਲਾਕ ਨੂੰ ਤਿਲਾਂਜਲੀ ਦੇ ਦਿੱਤੀ ਤੇ ਟੈਕਸਦਾਤਾਵਾਂ ਦੇ ਲਗਭਗ 59 ਕਰੋੜ ਰੁਪਏ ਆਲੀਸ਼ਾਨ ਝੂਮਰਾਂ, ਪਰਦਿਆਂ ਅਤੇ ਮਾਡਿਊਲਰ ਰਸੋਈ ਤੇ ਖ਼ਰਚ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪ੍ਰਮੁੱਖ ‘ਤੀਰਥ ਯਾਤਰਾ ਯੋਜਨਾ’ ਵਾਂਗ ਹੀ ‘ਸ਼ੀਸ਼ ਮਹਿਲ’ ਦੇ ਦਰਸ਼ਨਾਂ ਲਈ ਵੀ ਇੱਕ ਤੀਰਥ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਆਪ ਵਰਕਰਾਂ ਲਈ ਤਾਂ ਕੇਜਰੀਵਾਲ ਦਾ ਸ਼ੀਸ਼ ਮਹਿਲ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਖ਼ੁਦ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਉਨ੍ਹਾਂ ਦੇ ਪੈਸੇ ਦਾ ਕਿਵੇਂ ਮਜ਼ਾਕ ਉਡਾਇਆ ਗਿਆ ਹੈ। ਦਿੱਲੀ ਦੇ ਵੋਟਰਾਂ ਨੇ ਇਸ ਪਖੰਡ ਵਿਰੁੱਧ ਆਪਣਾ ਫ਼ੈਸਲਾ ਪਹਿਲਾਂ ਹੀ ਸੁਣਾ ਦਿੱਤਾ ਹੈ। ਕੌਮੀ ਰਾਜਧਾਨੀ ਵਿੱਚੋਂ ਨਕਾਰੇ ਜਾਣ ਤੋਂ ਬਾਅਦ, ਆਪ ਲੀਡਰਸ਼ਿਪ ਨੇ ਹੁਣ ਪੰਜਾਬ ਨੂੰ ਆਪਣੀ ਨਿੱਜੀ ਐਸ਼ਪ੍ਰਸਤੀ ਦੀ ਸੈਰਗਾਹ ਬਣਾ ਲਿਆ ਹੈ। ਗੁਰਪ੍ਰੀਤ ਮਲੂਕਾ ਨੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਪੰਜਾਬੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਨਿੱਜੀ ਖ਼ਜ਼ਾਨਾ ਸਮਝਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਪ’ ਸਰਕਾਰ ਨੂੰ ਸੂਬੇ ਸਿਰ ਚੜ੍ਹ ਰਹੇ ਭਾਰੀ ਕਰਜ਼ੇ ਅਤੇ ਝੂਠੇ ਇਸ਼ਤਿਹਾਰਾਂ ਤੇ ਉਡਾਏ ਗਏ ਕਰੋੜਾਂ ਰੁਪਇਆਂ ਦਾ ਹਿਸਾਬ ਦੇਣਾ ਪਵੇਗਾ। ਪ੍ਰੈਸ ਨਾਲ ਇਹ ਜਾਣਕਾਰੀ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।