ਪੰਜਾਬ ’ਚ ਇਸ ਸਮੇਂ ਸਹਿਮ ਦਾ ਮਾਹੌਲ, ਕਾਂਗਰਸ ਨੇ ਹੀ ਲੋਕਾਂ ਨੂੰ ਡਰ ਦੇ ਮਾਹੌਲ ’ਚੋਂ ਬਾਹਰ ਕੱਢਿਆ ਸੀ : ਰਾਜਾ ਵੜਿੰਗ ਪੰਜਾਬ ਵਿਚ ਇਸ ਸਮੇਂ ਸਹਿਮ ਦਾ ਮਾਹੌਲ,
Publish Date: Wed, 25 Nov 2026 06:23 PM (IST)
Updated Date: Wed, 25 Nov 2026 06:25 PM (IST)
ਅਕਾਲੀ-ਭਾਜਪਾ ਗੱਠਜੋੜ ਦਾ ਮਕਸਦ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ੀਰ ਬਣਾਉਣਾ : ਰਾਜਾ ਵੜਿੰਗ ਗੋਨਿਆਣਾ ਮੰਡੀ ਵਿਖੇ ਇਨਸਾਫ਼ ਮਾਰਚ ਦੌਰਾਨ ਪੰਜਾਬ ਵਿਚ ਨਸ਼ਿਆਂ ਤੇ ਸਿਆਸੀ ਹਾਲਾਤਾਂ ਨੂੰ ਲੈ ਕੇ ਘੇਰੀਆਂ ਵਿਰੋਧੀ ਪਾਰਟੀਆਂ ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ ਮੰਡੀ ਮੈਂਬਰ ਪਾਰਲੀਮੈਂਟ ਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਭੁੱਚੋ ਦੇ ਗੋਨਿਆਣਾ ਮੰਡੀ ਵਿਖੇ ਕੱਢੇ ਗਏ ਪੈਦਲ ਇਨਸਾਫ਼ ਮਾਰਚ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਕਾਂਗਰਸ ਪਾਰਟੀ ਨੇ ਹੀ ਪੰਜਾਬ ਦੇ ਲੋਕਾਂ ਨੂੰ ਡਰ ਦੇ ਮਾਹੌਲ ਵਿਚੋਂ ਬਾਹਰ ਕੱਢਿਆ ਸੀ। ਰਾਜਾ ਵੜਿੰਗ ਨੇ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਸਿੰਥੈਟਿਕ ਡਰੱਗ ਵੱਡੇ ਪੱਧਰ ਤੇ ਵਿਕ ਰਹੀ ਹੈ, ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਵੀ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ, ਪਰ ਸਿੰਥੈਟਿਕ ਡਰੱਗ ਅਤੇ ਚਿੱਟੇ ਦੀ ਸਮੱਸਿਆ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਪੰਜਾਬ ਵਿਚ ਵਧੀ ਸੀ। ਉਨ੍ਹਾਂ ਕਿਹਾ ਕਿ ਅੱਜ ਉਹੀ ਲੋਕ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ, ਜਿਨ੍ਹਾਂ ਦੇ ਰਾਜ ਦੌਰਾਨ ਇਹ ਸਮੱਸਿਆ ਗੰਭੀਰ ਹੋਈ ਸੀ। ਅਕਾਲੀ-ਭਾਜਪਾ ਗੱਠਜੋੜ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਗੱਠਜੋੜ ਦਾ ਮਕਸਦ ਸਿਰਫ਼ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਵਿਚ ਮੰਤਰੀ ਬਣਾਉਣਾ ਹੈ ਅਤੇ ਇਸ ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਾਂਗਰਸ ਅਤੇ ਭਾਜਪਾ ਦੀ ਸਿਆਸਤ ਦੀ ਤੁਲਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਾਤ-ਪਾਤ ਤੋਂ ਉੱਪਰ ਉੱਠ ਕੇ ਸਿਆਸਤ ਕਰਦੀ ਹੈ, ਜਦਕਿ ਉਨ੍ਹਾਂ ਅਨੁਸਾਰ ਭਾਜਪਾ ਕੱਟੜਤਾ ਦੀ ਸਿਆਸਤ ਕਰਦੀ ਹੈ, ਜਿਸ ਕਾਰਨ ਆਪਸੀ ਭਾਈਚਾਰੇ ਵਿਚ ਵਖਰੇਵੇਂ ਪੈਦਾ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਬਠਿੰਡਾ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਅਤੇ ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਦੀ ਪਿੱਠ ਥਾਪੜਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਗੋਨਿਆਣਾ ਮੰਡੀ, ਭੁੱਚੋ ਅਤੇ ਹਲਕਾ ਭੁੱਚੋ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਸਨ। ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਉਹ ਆਉਣ ਵਾਲੀਆਂ ਚੋਣਾਂ ਲੁਧਿਆਣਾ ਜਾਂ ਗਿੱਦੜਬਾਹਾ ਤੋਂ ਲੜਨਗੇ ਤਾਂ ਉਨ੍ਹਾਂ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਅੱਜ ਇਨਸਾਫ਼ ਮਾਰਚ ਵਿਚ ਸ਼ਾਮਲ ਹੋਣ ਆਏ ਹਨ ਅਤੇ ਇਸ ਮੌਕੇ ਸਿਰਫ਼ ਇਨਸਾਫ਼ ਮਾਰਚ ਦੀ ਹੀ ਗੱਲ ਕੀਤੀ ਜਾਵੇ। ਉਨ੍ਹਾਂ ਆਪਣੇ ਚੋਣ ਹਲਕੇ ਸਬੰਧੀ ਕੋਈ ਸਪੱਸ਼ਟ ਸੰਕੇਤ ਨਹੀਂ ਦਿੱਤਾ। ਇਸ ਸਮੇਂ ਐਡਵੋਕੇਟ ਰੁਪਿੰਦਰ ਸਿੰਘ ਕੋਟ ਭਾਈ ਸਕੱਤਰ ਯੂਥ ਕਾਂਗਰਸ ਪੰਜਾਬ, ਧਨਜੀਤ ਸਿੰਘ ਧਨੀ, ਅਵਤਾਰ ਸਿੰਘ ਗੋਨਿਆਣਾ ਸੀਨੀਅਰ ਕਾਂਗਰਸੀ ਆਗੂ ਅਤੇ ਸੰਭਾਵੀ ਉਮੀਦਵਾਰ ਮੌੜ ਮੰਡੀ, ਗੁਰਦੀਪ ਸਿੰਘ ਭੋਖੜਾ ਸੀਨੀਅਰ ਆਗੂ, ਸੰਦੀਪ ਸਿੰਘ ਬਲਾਕ ਪ੍ਰਧਾਨ, ਹਰਦੀਪ ਸਿੰਘ ਗੋਨੀ ਸਰਾਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਬਲਾੜ ਵਿੰਝੂੰ, ਮਨਜਿੰਦਰ ਸਿੰਘ ਜਿੰਦਾ ਬਲਾਕ ਸੰਮਤੀ ਮੈਂਬਰ, ਲਖਵਿੰਦਰ ਸਿੰਘ ਲੱਖਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਗਿੱਲਪਤੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਬਠਿੰਡਾ, ਮੁਕੇਸ਼ ਕੁਮਾਰ ਭੁੱਚੋ, ਗੁਰਪ੍ਰੀਤ ਸਿੰਘ ਕਾਲਾ, ਗੁਰਸੇਵਕ ਸਿੰਘ ਬਲਾਕ ਸੰਮਤੀ ਮੈਂਬਰ, ਸ਼ਵਿੰਦਰ ਸਿੰਘ ਨੇਹੀਆਂ ਵਾਲਾ, ਜਰਾ ਸਿੰਘ ਨੇਹੀਆਂ ਵਾਲਾ, ਮਾਸ਼ਾ ਸਿੰਘ ਸਾਬਕਾ ਸਰਪੰਚ ਦਾਨ ਸਿੰਘ ਵਾਲਾ, ਗੁਰੂ ਪਿਆਰ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਰਾਜ ਕੁਮਾਰ, ਬਲਦੇਵ ਭੋਲੋ ਸਾਬਕਾ ਕੌਂਸਲਰ, ਵਿਨੋਦ ਕੁਮਾਰ ਜੀਦੇ ਵਾਲੇ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।