ਗਲੋਬਲ ਡਿਸਕਵਰੀ ਸਕੂਲ ਦੇ ਸਲਾਨਾ ਸਮਾਰੋਹ ’ਚ ਵਿਦਿਆਰਥੀਆਂ ਨੇ ਬੰਨ੍ਹਿਆ ਰੰਗ ਗਲੋਬਲ ਡਿਸਕਵਰੀ ਸਕੂਲ ਦੇ ਸਲਾਨਾ ਸਮਾਰੋਹ ’ਚ ਵਿਦਿਆਰਥੀਆਂ ਨੇ ਬੰਨ੍ਹਿਆ ਰੰਗ
Publish Date: Wed, 25 Nov 2026 05:00 PM (IST)
Updated Date: Wed, 25 Nov 2026 05:01 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦਾ ਸਾਲਾਨਾ ਸਮਾਰੋਹ ‘ਟੂਗੈਦਰ ਵੀ ਗ੍ਰੋ’ (ਆਓ, ਇਕੱਠੇ ਤਰੱਕੀ ਕਰੀਏ) ਥੀਮ ਤਹਿਤ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸੰਗੀਤ, ਨਾਚ, ਨਾਟਕ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿਚ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ‘ਟੂਗੈਦਰ ਵੀ ਆਰ ਏ ਫੈਮਿਲੀ’, ‘ਜ਼ਫ਼ਰਨਾਮਾ’, ‘ਕੈਟਰਪਿਲਰ ਡਾਂਸ’, ‘ਜੰਗਲ ਡਾਂਸ’, ‘ਹੰਗਰ : ਏ ਕਾਲ ਫ਼ਾਰ ਹਿਊਮੈਨਿਟੀ’ ਅਤੇ ‘ਲਵ ਯੂ ਜ਼ਿੰਦਗੀ’ ਸਮੇਤ ਕਈ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਲਾਈਵ ਬੈਂਡ, ਪੰਜਾਬੀ ਜੁਗਨੀ, ਲੁੱਡੀ, ਗਿੱਧਾ, ਸੰਮੀ ਅਤੇ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਬ੍ਰਿਜ ਲਾਲ ਸਰਾਫ਼ ਮੈਮੋਰੀਅਲ ਐਵਾਰਡਜ਼ ਤਹਿਤ ਸਨਮਾਨਿਤ ਕੀਤਾ ਗਿਆ। ਬਾਰ੍ਹਵੀਂ ਦੀ ਟਾਪਰ ਖੁਸ਼ਪ੍ਰੀਤ ਕੌਰ ਅਤੇ ਦਸਵੀਂ ਦੀ ਟਾਪਰ ਜੈਸਮੀਨ ਕੌਰ ਨੂੰ 5100 ਰੁਪਏ, ਜਦਕਿ ਬਾਰ੍ਹਵੀਂ ਦੇ ਦੂਜੇ ਸਥਾਨ ਵਾਲੇ ਅਭਿਨਵ ਸਿੰਗਲਾ ਅਤੇ ਦਸਵੀਂ ਦੀ ਸੁਖਪ੍ਰੀਤ ਕੌਰ ਨੂੰ 3100 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਐਲਾਨ ਕੀਤਾ ਕਿ ਰਾਮਪੁਰਾ ਫੂਲ ਵਿਚ ਪਹਿਲੀ ਵਾਰ ਦਸੰਬਰ ਦੇ ਪਹਿਲੇ ਹਫ਼ਤੇ ‘ਡਿਸਕਵਰੀ ਖੇਲ ਹੱਬ’ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ।