- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਨੂੰ ਅੱਗ ਨਹੀਂ, ਚਾਰੇ ਵਿੱਚ ਬਦਲੋ, ਕਿਸਾਨਾਂ ਨੂੰ ਹੋਵੇਗਾ ਦੋਹਰਾ ਲਾਭ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸੂਬੇ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਕਰਕੇ ਪਸ਼ੂਆਂ ਲਈ ਪੌਸ਼ਟਿਕ ਖੁਰਾਕ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ, ਉੱਥੇ ਹੀ ਪਸ਼ੂ ਪਾਲਕਾਂ ਦੀ ਖੁਰਾਕ ਸਬੰਧੀ ਲਾਗਤ ਵੀ ਘਟੇਗੀ। ਪਰਾਲੀ ਨੂੰ ਬੇਕਾਰ ਸਮਝ ਕੇ ਸਾੜਨ ਦੀ ਬਜਾਏ ਯੂਰੀਏ ਨਾਲ ਸੋਧ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਤਿਆਰ ਕੀਤਾ ਚਾਰਾ ਪਸ਼ੂਆਂ ਲਈ ਬਹੁਤ ਲਾਹੇਵੰਤ ਹੈ। ਇਹ ਜਾਣਕਾਰੀ ਡਾ. ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ ਵੈਟਰਨਰੀ ਪੋਲੀਟੈਕਨਿਕ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਬਾਬਾ ਹੀਰਾ ਦਾਸ ਜੀ ਕਾਲਜ ਆਫ ਵੈਟਰਨਰੀ ਫਾਰਮੇਸੀ ਪਿੰਡ ਬਾਦਲ ਨੇ ਦਿੱਤੀ। ਡਾ. ਸ਼ਰਮਾ ਨੇ ਕਿਹਾ ਕਿ ਹਰ ਸਾਲ ਵੱਡੀ ਮਾਤਰਾ ਵਿਚ ਝੋਨੇ ਦੀ ਪਰਾਲੀ ਖੇਤਾਂ ਵਿਚ ਹੀ ਸਾੜ ਦਿੱਤੀ ਜਾਂਦੀ ਹੈ। ਇਸ ਕਾਰਨ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਧੂੰਏਂ ਵਿਚ ਮੌਜੂਦ ਹਾਨੀਕਾਰਕ ਤੱਤ ਮਨੁੱਖਾਂ ਤੇ ਪਸ਼ੂਆਂ ਦੀ ਸਿਹਤ 'ਤੇ ਵੀ ਮਾੜਾ ਅਸਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਬੇਕਾਰ ਸਮਝ ਕੇ ਸਾੜਨ ਦੀ ਬਜਾਏ ਯੂਰੀਏ ਨਾਲ ਸੋਧ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਕ ਕੁਇੰਟਲ ਪਰਾਲੀ ਨੂੰ ਸੋਧਣ ਲਈ ਇਕ ਕਿਲੋ ਯੂਰੀਆ, ਤਿੰਨ ਕਿਲੋ ਸੀਰਾ ਅਤੇ 30 ਲਿਟਰ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਰਾਲੀ ਵਿੱਚ ਪਾਉਣ ਉਪਰੰਤ ਇਸ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਕੁਇੰਟਲ ਪਰਾਲੀ ਲਈ 3.5 ਕਿਲੋ ਯੂਰੀਆ ਨੂੰ 50 ਲਿਟਰ ਪਾਣੀ ਵਿੱਚ ਘੋਲ ਕੇ ਵੀ ਸੋਧਿਆ ਜਾ ਸਕਦਾ ਹੈ। ਇਸ ਵਿਧੀ ਤਹਿਤ ਪਰਾਲੀ ਨੂੰ ਕੁਤਰ ਕੇ ਪੱਕੇ ਫਰਸ਼ ਜਾਂ ਤਰਪਾਲ ਉੱਪਰ ਵਿਛਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਯੂਰੀਏ ਦੇ ਘੋਲ ਨੂੰ ਫੁਹਾਰੇ ਦੀ ਮਦਦ ਨਾਲ ਪਰਾਲੀ ਉੱਪਰ ਛਿੜਕ ਕੇ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ। ਫਿਰ ਇਸ ਨੂੰ ਦਬਾ ਕੇ ਢੇਰੀ ਬਣਾਉਣ ਉਪਰੰਤ ਤਰਪਾਲ ਨਾਲ ਨੌਂ ਦਿਨਾਂ ਲਈ ਢੱਕ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਪਰਾਲੀ ਦਾ ਤਾਪਮਾਨ 50 ਤੋਂ 55 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਇਸ ਦੀ ਪਚਣਯੋਗਤਾ ਵਿੱਚ ਵਾਧਾ ਹੁੰਪਰਾਲੀ ਨੂੰ ਬੇਕਾਰ ਸਮਝ ਕੇ ਸਾੜਨ ਦੀ ਬਜਾਏ ਯੂਰੀਏ ਨਾਲ ਸੋਧ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਨੌਂ ਦਿਨਾਂ ਬਾਅਦ ਸੋਧੀ ਹੋਈ ਪਰਾਲੀ ਨੂੰ ਪਸ਼ੂਆਂ ਨੂੰ ਖੁਆਉਣ ਤੋਂ ਪਹਿਲਾਂ ਦੋ ਤੋਂ ਤਿੰਨ ਘੰਟੇ ਖੁੱਲ੍ਹੀ ਹਵਾ ਵਿੱਚ ਖਿਲਾਰ ਦੇਣਾ ਚਾਹੀਦਾ ਹੈ, ਤਾਂ ਜੋ ਇਸ ਵਿੱਚ ਮੌਜੂਦ ਅਮੋਨੀਆ ਗੈਸ ਬਾਹਰ ਨਿਕਲ ਸਕੇ। ਇਸ ਤੋਂ ਬਾਅਦ ਪਸ਼ੂਆਂ ਦੀ ਖੁਰਾਕ ਵਿਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਪਸ਼ੂਆਂ ਦੀ ਖੁਰਾਕ ਵਿੱਚ ਮਿਨਰਲ ਮਿਕਸਚਰ ਸ਼ਾਮਲ ਕਰਨ ਦੀ ਮਹੱਤਤਾ ਵੀ ਦੱਸੀ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਸਿਰਫ਼ ਪਸ਼ੂਆਂ ਦੇ ਚਾਰੇ ਵਜੋਂ ਹੀ ਨਹੀਂ, ਸਗੋਂ ਸਰਦੀਆਂ ਦੌਰਾਨ ਪਸ਼ੂਆਂ ਦੇ ਬੈਠਣ ਲਈ ਵੀ ਕੀਤੀ ਜਾ ਸਕਦੀ ਹੈ। ਪੱਕੇ ਫਰਸ਼ ਉੱਪਰ ਪਰਾਲੀ ਦੀ ਮੋਟੀ ਤਹਿ ਵਿਛਾਉਣ ਨਾਲ ਪਸ਼ੂਆਂ ਨੂੰ ਆਰਾਮ ਮਿਲਦਾ ਹੈ ਤੇ ਉਹ ਆਸਾਨੀ ਨਾਲ ਬੈਠ ਕੇ ਜੁਗਾਲੀ ਕਰ ਸਕਦੇ ਹਨ। ਇਸ ਤਰ੍ਹਾਂ ਪਸ਼ੂ ਪਾਲਕ ਪਰਾਲੀ ਦੀ ਦੋਹਰੀ ਵਰਤੋਂ ਕਰਕੇ ਆਪਣਾ ਖਰਚਾ ਘਟਾ ਸਕਦੇ ਹਨ। ਪਸ਼ੂਆਂ ਦੇ ਬਿਸਤਰੇ ਵਜੋਂ ਵਰਤੀ ਪਰਾਲੀ ਨੂੰ ਇੱਕ ਹਫ਼ਤੇ ਬਾਅਦ ਬਦਲ ਕੇ ਖੇਤਾਂ ਵਿੱਚ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਅੰਤ ਵਿਚ ਡਾ. ਸ਼ਰਮਾ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਕਿ ਪਸ਼ੂਆਂ ਨੂੰ ਹਮੇਸ਼ਾ ਸਹੀ ਢੰਗ ਨਾਲ ਸੋਧੀ ਅਤੇ ਸੁੱਕੀ ਪਰਾਲੀ ਹੀ ਖੁਆਉਣੀ ਚਾਹੀਦੀ ਹੈ। ਗਿੱਲੀ ਪਰਾਲੀ ਨੂੰ ਉੱਲੀ ਲੱਗਣ ਦਾ ਖ਼ਤਰਾ ਰਹਿੰਦਾ ਹੈ, ਜੋ ਪਸ਼ੂਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪਸ਼ੂਆਂ ਦੀ ਖੁਰਾਕ ਅਤੇ ਖੇਤੀਬਾੜੀ ਲਈ ਲਾਹੇਵੰਦ ਸਰੋਤ ਵਜੋਂ ਵਰਤਣ ਨੂੰ ਤਰਜੀਹ ਦੇਣ।