- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਸੰਕਲਪ ਯਾਤਰਾ ਦਾ ਸਵਾਗਤ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸ਼੍ਰੋਮਣੀ ਸੰਤ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਦਾ ਸ਼ਨੀਵਾਰ ਨੂੰ ਬਠਿੰਡਾ ਪਹੁੰਚਣ ’ਤੇ ਭਾਈ ਕਨ੍ਹੱਈਆ ਚੌਕ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਇਕੱਠੇ ਹੋਏ ਪਾਰਟੀ ਆਗੂਆਂ, ਵਰਕਰਾਂ ਅਤੇ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ। ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਸ਼ਰਧਾਮਈ ਹੋ ਗਿਆ। ਇਹ ਯਾਤਰਾ 18 ਨਵੰਬਰ ਨੂੰ ਜਲੰਧਰ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਸੱਚਖੰਡ ਬੱਲਾਂ ਨੇੜੇ ਪਿੰਡ ਰਾਏਪੁਰ ਰਸੂਲਪੁਰ ਤੋਂ ਸ਼ੁਰੂ ਹੋਈ ਸੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਹਰੀ ਝੰਡੀ ਦਿਖਾ ਕੇ ਇਸ ਯਾਤਰਾ ਨੂੰ ਰਵਾਨਾ ਕੀਤਾ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ ਇਹ ਯਾਤਰਾ ਸ਼ਨੀਵਾਰ ਦੁਪਹਿਰ ਬਠਿੰਡਾ ਪਹੁੰਚੀ। ਸਵਾਗਤ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਕੇਂਦਰੀ ਮੰਤਰੀ ਡਾ. ਨਿਹਾਲ ਚੰਦ ਮੇਘਵਾਲ, ਦਿਆਲ ਸਿੰਘ ਸੋਢੀ, ਐਡਵੋਕੇਟ ਮੋਹਨ ਲਾਲ ਗਰਗ, ਐਡਵੋਕੇਟ ਨਵੀਨ ਸਿੰਗਲਾ, ਉਮੇਸ਼ ਸ਼ਰਮਾ, ਅਸ਼ੋਕ ਬਾਲਿਆਂਵਾਲੀ, ਜਤਿੰਦਰ ਗੋਗੀ, ਨਰਿੰਦਰ ਮਿੱਤਲ, ਸ਼ਿਆਮ ਲਾਲ ਅਗਰਵਾਲ, ਰਾਕੇਸ਼ ਸਿੰਗਲਾ, ਆਸ਼ੂਤੋਸ਼ ਤਿਵਾੜੀ, ਰਾਮ ਪੁਕਾਰ ਠਾਕੁਰ, ਸੰਦੀਪ ਅਗਰਵਾਲ ਅਤੇ ਗੁਰਜੀਤ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ। ਇਸ ਮੌਕੇ ਬਾਹਰੋਂ ਪਹੁੰਚੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਯਾਤਰਾ ਆਦਰਸ਼ ਨਗਰ ਦੀ ਗਲੀ ਨੰਬਰ 33 ਸਥਿਤ ਗੁਰਦੁਆਰਾ ਸਾਹਿਬ ਨੇੜੇ ਪਹੁੰਚੀ, ਜਿੱਥੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਰਸਤਾ ਸੰਕਲਪ ਯਾਤਰਾ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ, ਸਮਾਜਿਕ ਬਰਾਬਰੀ, ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਮਾਜ ਨੂੰ ਬਰਾਬਰੀ, ਮਨੁੱਖਤਾ ਅਤੇ ਭੇਦਭਾਵ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਬਾਬਾ ਸੁਖਦੇਵ ਮੁਨੀ ਜੀ ਕਲਿਆਣ, ਬਾਬਾ ਪਰਮਾਨੰਦ ਜੀ ਜਲਾਲ, ਬਾਬਾ ਬਸੰਤ ਦਾਸ ਜੀ ਲਹਿਰਾ ਬੇਗਾ, ਬਾਬਾ ਦਾਰਾ ਦਾਸ ਜੀ ਗਿੱਲ ਪੱਤੀ, ਬਾਬਾ ਬਲਵਿੰਦਰ ਸਿੰਘ ਕੋਠੇ ਨੱਥਾ ਸਿੰਘ, ਪੰਡਿਤ ਅਸ਼ਵਨੀ ਸ਼ੁਕਲਾ ਅਤੇ ਸਾਧਵੀ ਰੇਣੂਕਾ ਗੰਗੋਤਰੀ ਸਮੇਤ ਸੰਤ-ਮਹਾਂਪੁਰਸ਼ ਵੀ ਮੌਜੂਦ ਸਨ। ਉਨ੍ਹਾਂ ਸਮਾਜ ਵਿੱਚ ਸਮਾਨਤਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਫੈਲਾਉਣ ਦਾ ਸੱਦਾ ਦਿੱਤਾ। ਯਾਤਰਾ ਦੇ ਨਾਲ ਪਹੁੰਚੇ ਸਾਬਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਸੁਰਜੀਤ ਜਿਆਣੀ, ਤੇਜਾ ਰਾਮ ਵਾਲਮੀਕਿ ਅਤੇ ਰਾਜੇਸ਼ ਗੋਰਾ ਪਠੇਲਾ ਸਮੇਤ ਹੋਰ ਆਗੂਆਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਬਾਕਸ
ਸਵਾਗਤ ਦੌਰਾਨ ਭਾਜਪਾ ਆਗੂ ਮੋਹਨ ਲਾਲ ਗਰਗ ਦਾ ਮੋਬਾਈਲ ਚੋਰੀ
ਸਮਰਸਤਾ ਸੰਕਲਪ ਯਾਤਰਾ ਦੇ ਭਾਈ ਕਨ੍ਹੱਈਆ ਚੌਕ ਵਿਖੇ ਸਵਾਗਤ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਮੋਹਨ ਲਾਲ ਗਰਗ ਦਾ ਮੋਬਾਈਲ ਫੋਨ ਚੋਰੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਭੀੜ ਦਾ ਫਾਇਦਾ ਉਠਾਉਂਦਿਆਂ ਉਨ੍ਹਾਂ ਦੀ ਜੇਬ ਵਿੱਚੋਂ ਕੀਮਤੀ ਮੋਬਾਈਲ ਕੱਢ ਲਿਆ। ਮੋਬਾਈਲ ਵਿੱਚ ਅਹਿਮ ਡਾਟਾ ਵੀ ਮੌਜੂਦ ਸੀ। ਮੋਹਨ ਲਾਲ ਗਰਗ ਵੱਲੋਂ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।