ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵੱਲੋਂ ਪਲਸ ਪੋਲੀਓ ਮੁਹਿੰਮ ਦੇ ਬਾਈਕਾਟ ਦਾ ਐਲਾਨ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵੱਲੋਂ ਪਲਸ ਪੋਲੀਓ ਮੁਹਿੰਮ ਦੇ ਬਾਈਕਾਟ ਦਾ ਐਲਾਨ
Publish Date: Fri, 20 Nov 2026 03:23 PM (IST)
Updated Date: Fri, 20 Nov 2026 03:25 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਹੋਣ ਅਤੇ 17 ਨਵੰਬਰ ਨੂੰ ਹੋਈ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ 22, 23 ਅਤੇ 24 ਨਵੰਬਰ 2026 ਨੂੰ ਹੋਣ ਵਾਲੇ ਪਲਸ ਪੋਲੀਓ ਰਾਊਂਡ ਦਾ ਸਮੂਹਿਕ ਤੌਰ ’ਤੇ ਪੂਰਨ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸੂਬੇ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਪਲਸ ਪੋਲੀਓ ਮੁਹਿੰਮ ਵਿੱਚ ਆਪਣੀਆਂ ਸੇਵਾਵਾਂ ਨਹੀਂ ਦੇਣਗੀਆਂ। ਇਸ ਸਬੰਧੀ ਯੂਨੀਅਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ। ਆਗੂਆਂ ਦਾ ਕਹਿਣਾ ਹੈ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੀਆਂ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਗਰਭਵਤੀ ਔਰਤਾਂ ਦੀ ਦੇਖਭਾਲ, ਬੱਚਿਆਂ ਦੇ ਟੀਕਾਕਰਨ, ਸਿਹਤ ਜਾਗਰੂਕਤਾ ਅਤੇ ਵੱਖ-ਵੱਖ ਸਰਕਾਰੀ ਸਿਹਤ ਮੁਹਿੰਮਾਂ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਬੇਹੱਦ ਮਹੱਤਵਪੂਰਨ ਹਨ। ਐਮਰਜੈਂਸੀ ਹਾਲਾਤ ਵਿੱਚ ਵੀ ਉਹ ਮੋਹਰੀ ਹੋ ਕੇ ਕੰਮ ਕਰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਹੁਤ ਘੱਟ ਇਨਸੈਂਟਿਵ, ਫੈਸੀਲੀਟੇਟਰਾਂ ਨੂੰ ਨਿਗੂਣੀ ਟਰੂ ਮਨੀ ਅਤੇ ਕੇਵਲ 2500 ਰੁਪਏ ਪ੍ਰਤੀ ਮਹੀਨਾ ਆਨਰੇਰੀਅਮ ਮਿਲ ਰਿਹਾ ਹੈ। ਸਰਕਾਰ ਨੇ 17 ਨਵੰਬਰ 2026 ਨੂੰ ਸਬੰਧਤ ਮੰਗਾਂ ਬਾਰੇ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਸੱਦੀ ਸੀ, ਪਰ ਮੀਟਿੰਗ ਦੌਰਾਨ ਕੋਈ ਠੋਸ ਫ਼ੈਸਲਾ ਨਹੀਂ ਹੋ ਸਕਿਆ ਅਤੇ ਨਾ ਹੀ ਮੰਗਾਂ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। --- 24 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਤੇ ਦਰਜਾ ਚਾਰ ਦਾ ਗ੍ਰੇਡ ਦੇਣ ਦੀ ਮੰਗ ਯੂਨੀਅਨ ਦੀਆਂ ਹੋਰ ਮੁੱਖ ਮੰਗਾਂ ਵਿੱਚ ਮਿਨੀਮਮ ਵੇਜ ਐਕਟ ਤਹਿਤ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਘੱਟੋ-ਘੱਟ 24,000 ਰੁਪਏ ਮਹੀਨਾ ਤਨਖ਼ਾਹ ਦੇਣਾ ਅਤੇ ਉਨ੍ਹਾਂ ਨੂੰ ਦਰਜਾ ਚਾਰ ਦਾ ਗ੍ਰੇਡ ਲਾਗੂ ਕਰਨਾ ਸ਼ਾਮਲ ਹੈ। ਯੂਨੀਅਨ ਦਾ ਤਰਕ ਹੈ ਕਿ ਵਰਕਰਾਂ ਤੋਂ ਪੂਰੇ ਸਮੇਂ ਦੀ ਤਰ੍ਹਾਂ ਕੰਮ ਲਿਆ ਜਾਂਦਾ ਹੈ, ਪਰ ਉਨ੍ਹਾਂ ਨੂੰ ਮਿਲਣ ਵਾਲਾ ਮਿਹਨਤਾਨਾ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਕੰਮ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਤੋਂ ਇਲਾਵਾ ਹਰਿਆਣਾ ਪੈਟਰਨ ਲਾਗੂ ਕਰਨ ਦੀ ਮੰਗ ਕਰਦਿਆਂ ਮੌਜੂਦਾ 2500 ਰੁਪਏ ਮਹੀਨਾ ਆਨਰੇਰੀਅਮ ਵਿੱਚ ਇੰਕਰੀਮੈਂਟ ਸਮੇਤ ਤਿੰਨ ਗੁਣਾ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ ਫੈਸੀਲੀਟੇਟਰਾਂ ਦੀ ਟਰੂ ਮਨੀ ਅਤੇ ਆਸ਼ਾ ਵਰਕਰਾਂ ਦੇ ਇਨਸੈਂਟਿਵ ਵੀ ਦੁੱਗਣੇ ਕਰਨ ਦੀ ਮੰਗ ਉਠਾਈ ਹੈ। -- ਸਮਾਰਟਫ਼ੋਨ, ਛੁੱਟੀਆਂ ਅਤੇ ਪੈਨਸ਼ਨ ਸਕੀਮ ਵੀ ਮੰਗਾਂ ਵਿੱਚ ਸ਼ਾਮਲ ਯੂਨੀਅਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵਰਕਰਾਂ ਤੋਂ ਆਨਲਾਈਨ ਰਿਕਾਰਡ ਅਤੇ ਵੱਖ-ਵੱਖ ਐਪਲੀਕੇਸ਼ਨਾਂ ਰਾਹੀਂ ਕੰਮ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਵਿਭਾਗ ਵੱਲੋਂ ਸਮਾਰਟਫ਼ੋਨ ਜਾਂ ਟੈਬਲੇਟ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਵਰਕਰਾਂ ਲਈ 24 ਕੈਜ਼ੂਅਲ ਅਤੇ ਮੈਡੀਕਲ ਛੁੱਟੀਆਂ ਦੀ ਵਿਵਸਥਾ ਕਰਨ, ਸੇਵਾ ਮੁਕਤੀ ਸਮੇਂ ਪੰਜ ਲੱਖ ਰੁਪਏ ਰਿਲੀਫ਼ ਫ਼ੰਡ ਦੇਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਤੁਰੰਤ ਠੋਸ ਫ਼ੈਸਲਾ ਲੈ ਕੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 22, 23 ਅਤੇ 24 ਨਵੰਬਰ ਦੇ ਪਲਸ ਪੋਲੀਓ ਬਾਈਕਾਟ ਤੋਂ ਬਾਅਦ ਪੰਜਾਬ ਭਰ ਵਿੱਚ ਤਿੱਖੇ ਧਰਨੇ ਅਤੇ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ ਸ਼ਹਿਰੀ ਪ੍ਰਧਾਨ, ਜੋਗਿੰਦਰ ਕਰ ਜਨਰਲ ਸਕੱਤਰ, ਸ਼ਰਨਜੀਤ ਕੌਰ ਮੀਤ ਪ੍ਰਧਾਨ, ਜਗਦੇਵ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਗੁਰਤੇਜ ਕੌਰ, ਮਨਜੀਤ ਕੌਰ ਪ੍ਰੈਸ ਸਕੱਤਰ ਅਤੇ ਪਰਮਜੀਤ ਸਿੰਘ ਹਾਜਰ ਸ਼ਨ।