ਪ੍ਰੀਤਮ ਕੋਟਭਾਈ ਵੱਲੋਂ ਮਲੋਟ ਹਲਕੇ ਤੋਂ ਚੋਣ ਲੜਨ ਦੇ ਸੰਕੇਤ, ਹਰਵਿੰਦਰ ਲਾਡੀ ਅਤੇ ਗੁਰਾ ਤੁੰਗਵਾਲੀ ਸੰਭਾਵੀ ਦਾਅਵੇਦਾਰ ਪ੍ਰੀਤਮ ਕੋਟਭਾਈ ਵੱਲੋਂ ਮਲੋਟ ਹਲਕੇ ਤੋਂ ਚੋਣ ਲੜਨ ਦੇ ਸੰਕੇਤ, ਹਰਵਿੰਦਰ ਲਾਡੀ ਅਤੇ ਗੁਰਾ ਤੁੰਗਵਾਲੀ ਸੰਭਾਵੀ ਦਾਅਵੇਦਾਰ
Publish Date: Thu, 19 Nov 2026 05:56 PM (IST)
Updated Date: Thu, 19 Nov 2026 05:58 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਮਲੋਟ ਦੇ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਦਿੱਤੇ ਸੰਕੇਤਾਂ ਤੋਂ ਬਾਅਦ ਭੁੱਚੋ ਹਲਕੇ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ। ਜੇਕਰ ਕੋਟਭਾਈ ਮਲੋਟ ਹਲਕੇ ਤੋਂ ਚੋਣ ਲੜਦੇ ਹਨ ਤਾਂ ਭੁੱਚੋ ਹਲਕੇ ਵਿਚ ਕਾਂਗਰਸ ਪਾਰਟੀ ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਜਾਂ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਪ੍ਰੀਤਮ ਸਿੰਘ ਕੋਟਭਾਈ ਇਸ ਤੋਂ ਪਹਿਲਾਂ ਭੁੱਚੋ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਚੋਣ ਲੜ ਚੁੱਕੇ ਹਨ। ਉਨ੍ਹਾਂ ਨੇ ਆਪਣਾ ਪਹਿਲੀ ਚੋਣ ਸਾਲ 2012 ਵਿੱਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜੀ ਸੀ, ਪਰ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਉਹ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਵਿਚ ਉਤਰੇ ਅਤੇ 51 ਹਜ਼ਾਰ 605 ਵੋਟਾਂ ਪ੍ਰਾਪਤ ਕਰਕੇ ਵਿਧਾਇਕ ਬਣੇ। ਸਾਲ 2022 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ 20 ਹਜ਼ਾਰ 681 ਵੋਟਾਂ ਮਿਲੀਆਂ ਸਨ ਅਤੇ ਉਹ ਚੋਣ ਹਾਰ ਗਏ ਸਨ। ਹੁਣ ਕੋਟਭਾਈ ਨੇ ਮਲੋਟ ਦੇ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਮੁਤਾਬਕ ਮਲੋਟ ਵਿਧਾਨ ਸਭਾ ਹਲਕਾ ਉਨ੍ਹਾਂ ਲਈ ਨਵਾਂ ਨਹੀਂ ਹੈ। ਇਸ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦੇ ਕਾਰੋਬਾਰ ਅਤੇ ਰਿਸ਼ਤੇਦਾਰੀਆਂ ਕਾਰਨ ਪੁਰਾਣੇ ਸਬੰਧ ਹਨ। ਬਾਕਸ ਮਲੋਟ ਤੋਂ ਰੁਪਿੰਦਰ ਕੌਰ ਰੂਬੀ ਵੀ ਰਹਿ ਚੁੱਕੇ ਹਨ ਕਾਂਗਰਸ ਦੇ ਉਮੀਦਵਾਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਲੋਟ ਹਲਕੇ ਤੋਂ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ, ਪਰ ਉਹ ਜਿੱਤ ਹਾਸਲ ਨਹੀਂ ਕਰ ਸਕੇ ਸਨ। ਹੁਣ ਉਹ ਬਠਿੰਡਾ ਦਿਹਾਤੀ ਦੇ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਅਜਿਹੇ ਵਿੱਚ ਜੇਕਰ ਪ੍ਰੀਤਮ ਸਿੰਘ ਕੋਟਭਾਈ ਮਲੋਟ ਤੋਂ ਚੋਣ ਲੜਨ ਲਈ ਅੱਗੇ ਆਉਂਦੇ ਹਨ ਤਾਂ ਦੋਵਾਂ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਨੂੰ ਲੈ ਕੇ ਪਾਰਟੀ ਅੰਦਰ ਨਵੇਂ ਸਮੀਕਰਨ ਬਣ ਸਕਦੇ ਹਨ। ਪ੍ਰੋ. ਰੁਪਿੰਦਰ ਕੌਰ ਬਠਿੰਡਾ ਦਿਹਾਤੀ ਹਲਕੇ ਦੀ ਨਮੁਾਇੰਦਗੀ ਕਰ ਚੁੱਕੇ ਹਨ। ਬਾਕਸ ਭੁੱਚੋ ਹਲਕੇ ਤੋਂ ਹਰਵਿੰਦਰ ਲਾਡੀ ਤੇ ਗੁਰਾ ਸਿੰਘ ਤੁੰਗਵਾਲੀ ਦੇ ਨਾਂ ਚਰਚਾ ’ਚ ਪ੍ਰੀਤਮ ਸਿੰਘ ਕੋਟਭਾਈ ਦੇ ਭੁੱਚੋ ਹਲਕੇ ਤੋਂ ਸੰਭਾਵੀ ਤੌਰ ਤੇ ਪਾਸੇ ਹੋਣ ਦੀ ਸਥਿਤੀ ਵਿੱਚ ਕਾਂਗਰਸ ਪਾਰਟੀ ਲਈ ਇਸ ਹਲਕੇ ਤੋਂ ਨਵੇਂ ਉਮੀਦਵਾਰ ਦੀ ਚੋਣ ਅਹਿਮ ਹੋਵੇਗੀ। ਕੋਟਭਾਈ ਦੀ ਹਲਕੇ ਵਿੱਚ ਮੌਜੂਦਗੀ ਅਤੇ ਪਾਰਟੀ ਹਾਈਕਮਾਂਡ ਨਾਲ ਉਨ੍ਹਾਂ ਦੀ ਨੇੜਤਾ ਕਾਰਨ ਪਹਿਲਾਂ ਕਈ ਆਗੂ ਟਿਕਟ ਲਈ ਖੁੱਲ੍ਹ ਕੇ ਦਾਅਵੇਦਾਰੀ ਪੇਸ਼ ਕਰਨ ਤੋਂ ਗੁਰੇਜ਼ ਕਰਦੇ ਰਹੇ ਹਨ। ਹੁਣ ਭੁੱਚੋ ਹਲਕੇ ਤੋਂ ਦੋ-ਤਿੰਨ ਆਗੂਆਂ ਦੇ ਨਾਂ ਹੀ ਮੁੱਖ ਤੌਰ ਤੇ ਚਰਚਾ ਵਿੱਚ ਹਨ। ਇਨ੍ਹਾਂ ਵਿੱਚ ਸਾਬਕਾ ਵਿਧਾਇਕ ਮਰਹੂਮ ਜਸਮੇਲ ਸਿੰਘ ਗਿੱਲ ਦੇ ਪੁੱਤਰ ਹਰਵਿੰਦਰ ਸਿੰਘ ਲਾਡੀ ਅਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਦੇ ਨਾਂ ਸ਼ਾਮਲ ਹਨ। ਹਰਵਿੰਦਰ ਸਿੰਘ ਲਾਡੀ ਪਹਿਲਾਂ ਵੀ ਭੁੱਚੋ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ, ਪਰ ਉਸ ਸਮੇਂ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਸੀ। ਸਾਲ 2022 ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੇ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ, ਪਰ ਉਹ ਜਿੱਤ ਹਾਸਲ ਨਹੀਂ ਕਰ ਸਕੇ ਸਨ। ਲਾਡੀ ਦੇ ਪਿਤਾ ਮਰਹੂਮ ਜਸਮੇਲ ਸਿੰਘ ਗਿੱਲ ਦਾ ਭੁੱਚੋ ਹਲਕੇ ਵਿੱਚ ਚੰਗਾ ਸਿਆਸੀ ਆਧਾਰ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਹਲਕੇ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਵੀ ਭੁੱਚੋ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਉਹ ਵੀ ਇਸ ਹਲਕੇ ਤੋਂ ਵਿਧਾਇਕ ਰਹੇ ਹਨ। ਫਿਲਹਾਲ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਮਲੋਟ ਹਲਕੇ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਨਾਲ ਭੁੱਚੋ ਹਲਕੇ ਵਿੱਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਰਣਨੀਤੀ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਤਸਵੀਰ ਹੋਰ ਸਪੱਸ਼ਟ ਹੋਣ ਦੀ ਸੰਭਾਵਨਾ ਹੈ।