ਏਮਜ਼ ਦੇ ਸਾਹਮਣੇ ਨੈਸ਼ਨਲ ਹਾਈਵੇ ਦਾ ਖ਼ਤਰਨਾਕ ਕੱਟ ਦੇ ਰਿਹਾ ਹਾਦਸਿਆਂ ਨੂੰ ਸੱਦਾ, ਸੱਤ ਮਹੀਨਿਆਂ ਤੋਂ ਨਹੀਂ ਲੱਗੀਆਂ ਟ੍ਰੈਫਿਕ ਲਾਈਟਾਂ ਏਮਜ਼ ਦੇ ਸਾਹਮਣੇ ਨੈਸ਼ਨਲ ਹਾਈਵੇ ਦਾ ਖ਼ਤਰਨਾਕ ਕੱਟ ਦੇ ਰਿਹਾ ਹਾਦਸਿਆਂ ਨੂੰ ਸੱਦਾ, ਸੱਤ ਮਹੀਨਿਆਂ ਤੋਂ ਨਹੀਂ ਲੱਗੀਆਂ ਟ੍ਰੈਫਿਕ ਲਾਈਟਾਂ
Publish Date: Wed, 18 Nov 2026 05:55 PM (IST)
Updated Date: Wed, 18 Nov 2026 05:57 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੂੰ ਜਾਣ ਵਾਲੀ ਅਪਰੋਚ ਰੋਡ ਦੇ ਸਾਹਮਣੇ ਬਣਿਆ ਕੱਟ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਇਸ ਕੱਟ ’ਤੇ ਵਾਪਰ ਰਹੇ ਸੜਕ ਹਾਦਸਿਆਂ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਹੈਰਾਨੀ ਦੀ ਗੱਲ ਹੈ ਕਿ ਏਮਜ਼ ਪ੍ਰਬੰਧਨ ਵੱਲੋਂ ਪਿਛਲੇ ਸੱਤ ਮਹੀਨਿਆਂ ਤੋਂ ਇੱਥੇ ਟ੍ਰੈਫਿਕ ਲਾਈਟਾਂ ਲਾਉਣ ਲਈ ਲਗਾਤਾਰ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ, ਪਰ ਇਹ ਮੰਗ ਹਾਲੇ ਤੱਕ ਸਰਕਾਰੀ ਫਾਈਲਾਂ ਵਿਚ ਹੀ ਉਲਝੀ ਹੋਈ ਹੈ। ਇਸ ਕੱਟ ’ਤੇ ਵਾਪਰੇ ਤਿੰਨ ਵੱਖ-ਵੱਖ ਹਾਦਸਿਆਂ ਵਿਚ ਏਮਜ਼ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਚੁੱਕੇ ਹਨ। ਹੁਣ ਧੁੰਦ ਦਾ ਮੌਸਮ ਸ਼ੁਰੂ ਹੋਣ ਨਾਲ ਇੱਥੇ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਹੋਰ ਵਧ ਗਿਆ ਹੈ। ਏਮਜ਼ ਬਠਿੰਡਾ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿਚ ਮਰੀਜ਼ ਇਲਾਜ ਕਰਵਾਉਣ ਲਈ ਪਹੁੰਚਦੇ ਹਨ। ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਮੁਲਾਜ਼ਮਾਂ ਦੀ ਦਿਨ ਭਰ ਆਵਾਜਾਈ ਬਣੀ ਰਹਿੰਦੀ ਹੈ। ਨੈਸ਼ਨਲ ਹਾਈਵੇ ਤੋਂ ਏਮਜ਼ ਵੱਲ ਮੁੜਨ ਅਤੇ ਹਸਪਤਾਲ ਤੋਂ ਬਾਹਰ ਨਿਕਲਣ ਵਾਲੇ ਵਾਹਨਾਂ ਨੂੰ ਇਸ ਕੱਟ ਤੋਂ ਲੰਘਣਾ ਪੈਂਦਾ ਹੈ। ਹਾਈਵੇ ’ਤੇ ਤੇਜ਼ ਰਫ਼ਤਾਰ ਨਾਲ ਚੱਲਦੇ ਵਾਹਨਾਂ ਕਾਰਨ ਇੱਥੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਬਾਵਜੂਦ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸਰਕਾਰ ਜਾਂ ਪ੍ਰਸ਼ਾਸਨ ਵੱਲਂ ਕੋਈ ਢੁੱਕਵੀਂ ਵਿਵਸਥਾ ਨਹੀਂ ਕੀਤੀ ਗਈ। ਡੀਸੀ ਨੂੰ ਪਹਿਲਾ ਪੱਤਰ ਲਿਖਣ ਤੋਂ ਬਾਅਦ ਦੋ ਰਿਮਾਈਂਡਰ ਭੇਜੇ, ਫਿਰ ਵੀ ਨਹੀਂ ਹੋਈ ਸੁਣਵਾਈ ਏਮਜ਼ ਪ੍ਰਬੰਧਕਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ 28 ਅਪ੍ਰੈਲ 2026 ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਹਿਲਾ ਪੱਤਰ ਲਿਖਿਆ ਗਿਆ ਸੀ। ਇਸ ਵਿੱਚ ਏਮਜ਼ ਦੇ ਸਾਹਮਣੇ ਟ੍ਰੈਫਿਕ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਜੂਨ ਮਹੀਨੇ ਵਿਚ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਵੀ ਪੱਤਰ ਭੇਜਿਆ ਗਿਆ। ਕੋਈ ਕਾਰਵਾਈ ਨਾ ਹੋਣ ’ਤੇ ਸਤੰਬਰ ਅਤੇ ਅਕਤੂਬਰ ਮਹੀਨੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਵਾਰ ਰਿਮਾਈਂਡਰ ਭੇਜੇ ਗਏ। ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਨਗਰ ਨਿਗਮ ਕਮਿਸ਼ਨਰ ਨੂੰ ਵੀ ਭੇਜੀਆਂ ਗਈਆਂ ਸਨ। ਇਸ ਦੇ ਬਾਵਜੂਦ ਸੱਤ ਮਹੀਨੇ ਬੀਤਣ ਮਗਰੋਂ ਵੀ ਟ੍ਰੈਫਿਕ ਲਾਈਟਾਂ ਲਗਾਉਣ ਦਾ ਮਾਮਲਾ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕਿਆ। ਸੜਕ ਦੀ ਬਣਤਰ ਬਣ ਰਹੀ ਮੁਸੀਬਤ, ਡਿਊਟੀ ਦੇ ਸਮੇਂ ਲੱਗਦਾ ਹੈ ਵਾਹਨਾਂ ਦਾ ਜਾਮ ਏਮਜ਼ ਦੇ ਸਾਹਮਣੇ ਟ੍ਰੈਫਿਕ ਸਮੱਸਿਆ ਦਾ ਇਕ ਵੱਡਾ ਕਾਰਨ ਸੜਕ ਦੀ ਬਣਤਰ ਵੀ ਹੈ। ਬਠਿੰਡਾ ਵਾਲੇ ਪਾਸੇ ਤੋਂ ਇਹ ਸੜਕ ਫੋਰਲੇਨ ਹੈ, ਜਿਸ ਤੋਂ ਅੱਗੇ ਦੋ ਓਵਰਬ੍ਰਿਜ ਬਣੇ ਹੋਏ ਹਨ। ਇਨ੍ਹਾਂ ਦੀ ਬਣਤਰ ਕਾਰਨ ਕਈ ਵਾਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਸੜਕ ’ਤੇ ਬੋਤਲਨੈਕ ਵਰਗੀ ਸਥਿਤੀ ਬਣ ਜਾਂਦੀ ਹੈ। ਇਸ ਤੋਂ ਅੱਗੇ ਮੁੜ ਫੋਰਲੇਨ ਅਤੇ ਫਿਰ ਸਿਕਸਲੇਨ ਸੜਕ ਸ਼ੁਰੂ ਹੋ ਜਾਂਦੀ ਹੈ। ਸੜਕ ਦੀ ਇਸ ਬਣਤਰ ਕਾਰਨ ਏਮਜ਼ ਦੇ ਸਾਹਮਣੇ ਬਣੇ ਕੱਟ ਤੋਂ ਲੰਘਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਖ਼ਾਸ ਕਰਕੇ ਸਵੇਰੇ ਮੁਲਾਜ਼ਮਾਂ ਦੇ ਡਿਊਟੀ ’ਤੇ ਆਉਣ ਅਤੇ ਸ਼ਾਮ ਨੂੰ ਵਾਪਸ ਜਾਣ ਸਮੇਂ ਵਾਹਨਾਂ ਦਾ ਦਬਾਅ ਵਧ ਜਾਂਦਾ ਹੈ। ਇਸ ਕਾਰਨ ਕਈ ਵਾਰ ਜਾਮ ਲੱਗ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਹਿਲਾਂ ਇੱਥੇ ਓਵਰਬ੍ਰਿਜ ਬਣਾਉਣ ਦੀ ਚਰਚਾ ਵੀ ਹੋਈ ਸੀ, ਪਰ ਇਹ ਯੋਜਨਾ ਅਮਲ ਵਿੱਚ ਨਹੀਂ ਆ ਸਕੀ। ਬਾਕਸ ਸਪੀਡ ਬਰੇਕਰ ਬਣਾਉਣ ਤੋਂ ਇਨਕਾਰ, ਸਿਰਫ਼ ਰਿਫਲੈਕਟਰ ਲਗਾ ਕੇ ਕੀਤਾ ਖਾਨਾਪੂਰਤੀ ਏਮਜ਼ ਪ੍ਰਬੰਧਕਾਂ ਵੱਲੋਂ ਟ੍ਰੈਫਿਕ ਲਾਈਟਾਂ ਦੇ ਨਾਲ ਸਪੀਡ ਬਰੇਕਰ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ, ਪਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਸਪੀਡ ਬਰੇਕਰ ਬਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਥਾਂ ਸੜਕ ’ਤੇ ਕੈਟ ਆਈ ਵਾਲੇ ਰਿਫਲੈਕਟਰ ਲਗਾਏ ਗਏ ਹਨ। ਹਾਲਾਂਕਿ ਰਿਫਲੈਕਟਰ ਲਗਾਉਣ ਨਾਲ ਵਾਹਨ ਚਾਲਕਾਂ ਨੂੰ ਰਾਤ ਸਮੇਂ ਸੜਕ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲਦੀ ਹੈ, ਪਰ ਇਨ੍ਹਾਂ ਨਾਲ ਵਾਹਨਾਂ ਦੀ ਰਫ਼ਤਾਰ ਕੰਟਰੋਲ ਨਹੀਂ ਹੁੰਦੀ। ਅਜਿਹੇ ਵਿੱਚ ਕੱਟ ’ਤੇ ਟ੍ਰੈਫਿਕ ਲਾਈਟਾਂ ਜਾਂ ਕਿਸੇ ਹੋਰ ਪ੍ਰਭਾਵਸ਼ਾਲੀ ਪ੍ਰਬੰਧ ਦੀ ਲੋੜ ਬਣੀ ਹੋਈ ਹੈ। ਬਾਕਸ ਧੁੰਦ ’ਚ ਵਧ ਸਕਦਾ ਹੈ ਖ਼ਤਰਾ, ਸਬੰਧਤ ਵਿਭਾਗਾਂ ਨਾਲ ਗੱਲਬਾਤ ਕਰਾਂਗੇ : ਡੀਐੱਸਪੀ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਧੁੰਦ ਪੈਣ ਦਾ ਸਿਲਸਿਲਾ ਵੀ ਸ਼ੁਰੂ ਹੋਣ ਵਾਲਾ ਹੈ। ਧੁੰਦ ਦੌਰਾਨ ਦੂਰ ਤੱਕ ਦਿਖਾਈ ਨਾ ਦੇਣ ਕਾਰਨ ਇਸ ਕੱਟ ’ਤੇ ਹਾਦਸਿਆਂ ਦਾ ਖ਼ਤਰਾ ਹੋਰ ਵਧ ਸਕਦਾ ਹੈ। ਅਜਿਹੇ ਵਿੱਚ ਸਮੇਂ ਸਿਰ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਡੀਐੱਸਪੀ ਟ੍ਰੈਫਿਕ ਕਰਮਜੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।