ਬਦਲਦੇ ਮੌਸਮ ਤੇ ਪਰਾਲੀ ਦੇ ਧੂੰਏਂ ਨੇ ਵਧਾਈਆਂ ਮੁਸ਼ਕਲਾਂ, ਖੰਘ-ਜ਼ੁਕਾਮ ਤੇ ਚਮੜੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਧੀ ਬਦਲਦੇ ਮੌਸਮ ਅਤੇ ਪਰਾਲੀ ਦੇ ਧੂੰਏਂ ਨੇ ਵਧਾਈਆਂ ਮੁਸ਼ਕਲਾਂ, ਖੰਘ-ਜ਼ੁਕਾਮ ਤੇ ਚਮੜੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਧੀ
Publish Date: Tue, 17 Nov 2026 05:42 PM (IST)
Updated Date: Tue, 17 Nov 2026 05:42 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਦਲਦੇ ਮੌਸਮ ਤੇ ਪਰਾਲੀ ਸਾੜਨ ਕਾਰਨ ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਨੇ ਲੋਕਾਂ ਦੀਆਂ ਸਿਹਤ ਸਬੰਧੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਿਨ ਤੇ ਰਾਤ ਦੇ ਤਾਪਮਾਨ ਵਿਚ ਆ ਰਹੇ ਫਰਕ ਕਾਰਨ ਖੰਘ, ਜ਼ੁਕਾਮ, ਬੁਖਾਰ, ਚਮੜੀ ਰੋਗ ਤੇ ਗਲੇ ਦੀ ਇਨਫੈਕਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਸਭ ਤੋਂ ਵੱਧ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸਿਵਲ ਹਸਪਤਾਲ ਦੀ ਓਪੀਡੀ ਵਿਚ ਰੋਜ਼ਾਨਾ 500 ਤੋਂ 600 ਮਰੀਜ਼ ਵਾਇਰਲ ਬੁਖਾਰ, ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਲੈ ਕੇ ਇਲਾਜ ਲਈ ਪਹੁੰਚ ਰਹੇ ਹਨ। ਡਾਕਟਰਾਂ ਅਨੁਸਾਰ ਮੌਸਮ ਵਿਚ ਆ ਰਹੀ ਤਬਦੀਲੀ ਕਾਰਨ ਵਾਇਰਲ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਮਰੀਜ਼ਾਂ ਨੂੰ ਤੇਜ਼ ਬੁਖਾਰ, ਗਲੇ ਵਿੱਚ ਦਰਦ, ਖੰਘ, ਜ਼ੁਕਾਮ ਤੇ ਸਰੀਰ ਵਿਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮਰੀਜ਼ਾਂ ਵਿਚ ਬੱਚਿਆਂ ਦੀ ਗਿਣਤੀ ਵਧੇਰੇ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਦਮੇ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਹਵਾ ਵਿਚ ਫੈਲੇ ਪ੍ਰਦੂਸ਼ਣ ਅਤੇ ਵਾਇਰਲ ਇਨਫੈਕਸ਼ਨ ਕਾਰਨ ਅਸਥਮਾ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਠੰਢ ਅਤੇ ਗਰਮੀ ਦੇ ਉਤਾਰ-ਚੜ੍ਹਾਅ ਕਾਰਨ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਮੌਸਮ ਵਿੱਚ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਦਮੇ ਦੇ ਮਰੀਜ਼ਾਂ ਨੂੰ ਨਿਯਮਿਤ ਤੌਰ ’ਤੇ ਆਪਣੀ ਦਵਾਈ ਲੈਣ ਅਤੇ ਹਮੇਸ਼ਾ ਆਪਣੇ ਕੋਲ ਇਨਹੇਲਰ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਾਵਧਾਨੀਆਂ ਵਰਤ ਕੇ ਮੌਸਮੀ ਬਿਮਾਰੀਆਂ ਤੋਂ ਕੀਤਾ ਜਾ ਸਕਦੈ ਬਚਾਅ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਮੌਸਮ ਵਿਚ ਤਬਦੀਲੀ ਕਾਰਨ ਇਸ ਸਮੇਂ ਮੌਸਮੀ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਲੋਕਾਂ ਨੂੰ ਆਪਣੇ ਖਾਣ-ਪੀਣ ਤੇ ਰੋਜ਼ਾਨਾ ਜੀਵਨ ਸ਼ੈਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਵਿਚ ਸਵੇਰੇ ਤੇ ਰਾਤ ਸਮੇਂ ਠੰਢ ਤੋਂ ਬਚਣ ਲਈ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ। ਦਿਨ ਵੇਲੇ ਭਾਵੇਂ ਮੌਸਮ ਗਰਮ ਹੋਵੇ ਪਰ ਸ਼ਾਮ ਨੂੰ ਤਾਪਮਾਨ ਘਟਣ ਕਾਰਨ ਸਰੀਰ ਨੂੰ ਠੰਢ ਤੋਂ ਬਚਾਉਣਾ ਜ਼ਰੂਰੀ ਹੈ। ਬੱਚਿਆਂ ਨੂੰ ਸਵੇਰੇ ਬਿਸਤਰ ਤੋਂ ਉੱਠਦਿਆਂ ਹੀ ਠੰਢੇ ਵਾਤਾਵਰਨ ਵਿਚ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਤੇ ਫਰਸ਼ ’ਤੇ ਨੰਗੇ ਪੈਰੀਂ ਤੁਰਨ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਵਿੱਚ ਲੋਕ ਅਕਸਰ ਪਾਣੀ ਘੱਟ ਪੀਣ ਲੱਗਦੇ ਹਨ, ਜਿਸ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਅਤੇ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਇਸ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੁਖਾਰ ਦੇ ਮਰੀਜ਼ਾਂ ਵਿਚ ਮਲੇਰੀਆ ਦੇ ਲੱਛਣ ਵੀ ਸਾਹਮਣੇ ਆ ਰਹੇ ਹਨ। ਇਸ ਲਈ ਘਰਾਂ ਅਤੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਬਾਕਸ ਪਰਾਲੀ ਦੇ ਧੂੰਏਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਖ਼ਤਰਾ ਇਸ ਸਮੇਂ ਪਰਾਲੀ ਦੇ ਧੂੰਏਂ ਕਾਰਨ ਵਾਤਾਵਰਨ ਵਿਚ ਪ੍ਰਦੂਸ਼ਣ ਦਾ ਪੱਧਰ ਵੀ ਕਾਫ਼ੀ ਵਧਿਆ ਹੋਇਆ ਹੈ। ਪ੍ਰਦੂਸ਼ਿਤ ਹਵਾ ਦਾ ਸਿੱਧਾ ਅਸਰ ਸਾਹ ਪ੍ਰਣਾਲੀ ’ਤੇ ਪੈਂਦਾ ਹੈ। ਖਾਸ ਕਰਕੇ ਛੋਟੇ ਬੱਚਿਆਂ, ਬਜ਼ੁਰਗਾਂ ਤੇ ਦਮੇ ਦੇ ਮਰੀਜ਼ਾਂ ਲਈ ਇਹ ਹਾਲਾਤ ਵਧੇਰੇ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਬੇਲੋੜਾ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਖੁਦ ਦਵਾਈ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣ ਤੇ ਸਿਹਤ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨ। ਜ਼ਿਕਰਯੋਗ ਹੈ ਕਿ ਚਾਰ ਦਿਨ ਵਿਚ ਤਾਪਮਾਨ ਵਿਚ 6.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।