- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਦਲਾਂ ਦੇ ਸਿਆਸੀ ਕਿਲ੍ਹੇ ਨੂੰ ਫ਼ਤਹਿ ਕਰਨ ਵਾਲੇ ਜਥੇਦਾਰ ਖੁੱਡੀਆਂ ਨੂੰ ਚੋਣ ਮੈਦਾਨ ਤੋਂ ਦੂਰ ਰੱਖਣਾ 'ਆਪ' ਲਈ ਪੈ ਸਕਦੈ ਭਾਰੀ!

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਹੋਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਆਵਾਜ਼ ਸਿਰਫ਼ ਆਮ ਲੋਕਾਂ ਤੱਕ ਸੀਮਤ ਨਹੀਂ ਰਹੀ, ਸਗੋਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵਿੱਚੋਂ ਵੀ ਉੱਠਣ ਲੱਗੀ ਹੈ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਲੰਬੀ ਵਿਧਾਨ ਸਭਾ ਹਲਕੇ ਤੋਂ ਜਥੇਦਾਰ ਖੁੱਡੀਆਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਟਿਕਟ ਦੇਣ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਨੇ ਲੰਬੀ ਤੋਂ ਕਿਸੇ ਹੋਰ ਚਿਹਰੇ ਨੂੰ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਜਥੇਦਾਰ ਖੁੱਡੀਆਂ ਵਰਗੇ ਤਜਰਬੇਕਾਰ ਅਤੇ ਲੋਕ ਆਧਾਰ ਵਾਲੇ ਆਗੂ ਨੂੰ ਕਿਸੇ ਹੋਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸ ਮੰਗ ਪਿੱਛੇ ਸਭ ਤੋਂ ਵੱਡਾ ਤਰਕ ਜਥੇਦਾਰ ਖੁੱਡੀਆਂ ਦੀ 2022 ਦੀ ਇਤਿਹਾਸਕ ਜਿੱਤ ਵਾਲਾ ਦਿੱਤਾ ਜਾ ਰਿਹਾ ਹੈ।
‘ਜਿਸ ਆਗੂ ਨੇ ਬਾਦਲਾਂ ਦਾ ਕਿਲ੍ਹਾ ਢਾਹਿਆ, ਉਸ ਦੀ ਸਿਆਸੀ ਸਮਰੱਥਾ ਨੂੰ ਵਰਤਣਾ ਚਾਹੀਦੈ'
ਆਮ ਆਦਮੀ ਪਾਰਟੀ ਦੇ ਆਗੂ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਿਰਫ਼ ਲੰਬੀ ਹਲਕੇ ਦੇ ਆਗੂ ਨਹੀਂ, ਸਗੋਂ ਉਨ੍ਹਾਂ ਦੀ ਪਛਾਣ ਪੂਰੇ ਪੰਜਾਬ ਦੇ ਨਾਲ ਨਾਲ ਦੇਸ਼ ਵਿਿੇਸ਼ ਵਿੱਚ ਬਣੀ ਹੋਈ ਹੈ। ਉਨ੍ਹਾਂ ਵਰਗੇ ਆਗੂ ਨੂੰ ਚੋਣ ਮੈਦਾਨ ਤੋਂ ਬਾਹਰ ਰੱਖਣ ਦੀ ਬਜਾਏ ਪਾਰਟੀ ਨੂੰ ਉਨ੍ਹਾਂ ਦੇ ਤਜਰਬੇ, ਲੋਕ ਸੰਪਰਕ ਅਤੇ ਜਿੱਤਣ ਦੀ ਸਮਰੱਥਾ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਜਿਸ ਆਗੂ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਆਗੂ ਨੂੰ ਉਸ ਦੇ ਆਪਣੇ ਸਿਆਸੀ ਗੜ੍ਹ ਵਿੱਚ ਹਰਾਇਆ ਹੋਵੇ, ਉਸ ਨੂੰ ਕਿਸੇ ਹੋਰ ਹਲਕੇ ਤੋਂ ਮੌਕਾ ਦੇਣ ਬਾਰੇ ਵੀ ਵਿਚਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ 'ਆਪ' ਆਗੂ ਸੁਰਜੀਤ ਸਿੰਘ ਦਾ ਮੰਨਣਾ ਹੈ ਕਿ ਪਾਰਟੀ ਦੇ ਸਮਰਪਿਤ ਵਲੰਟੀਅਰਾਂ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਆਗੂਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਪਾਰਟੀ ਨੂੰ ਕਈ ਹਲਕਿਆਂ ਵਿੱਚ ਸਿਆਸੀ ਮਜ਼ਬੂਤੀ ਮਿਲ ਸਕਦੀ ਹੈ।
ਪੰਥਕ ਹਲਕਿਆਂ ’ਚ ਵੀ ਹੈ ਜਥੇਦਾਰ ਖੁੱਡੀਆਂ ਦਾ ਪ੍ਰਭਾਵ
ਜਥੇਦਾਰ ਖੁੱਡੀਆਂ ਦੀ ਸਿਆਸੀ ਤਾਕਤ ਦਾ ਇੱਕ ਹੋਰ ਅਹਿਮ ਪੱਖ ਉਨ੍ਹਾਂ ਦਾ ਪੰਥਕ ਅਤੇ ਸਿੱਖ ਹਲਕਿਆਂ ਵਿੱਚ ਪ੍ਰਭਾਵ ਮੰਨਿਆ ਜਾਂਦਾ ਹੈ। ਸਿਆਸੀ ਮਾਹਿਰਾਂ ਅਤੇ ਸਮਰਥਕਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਅਜਿਹੇ ਪ੍ਰਭਾਵਸ਼ਾਲੀ ਚਿਹਰੇ ਦੀ ਸਮਰੱਥਾ ਨੂੰ ਸਿਰਫ਼ ਇੱਕ ਹਲਕੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ।
ਦੂਜੇ ਪਾਸੇ ਪਾਰਟੀ ਦੇ ਕੁਝ ਵਲੰਟੀਅਰਾਂ ਵਿੱਚ ਇਹ ਚਿੰਤਾ ਵੀ ਦਿਖਾਈ ਦੇ ਰਹੀ ਹੈ ਕਿ ਜੇਕਰ ਜ਼ਮੀਨੀ ਪੱਧਰ 'ਤੇ ਮਿਹਨਤ ਕਰਕੇ ਆਪਣੀ ਪਛਾਣ ਬਣਾਉਣ ਵਾਲੇ ਆਗੂਆਂ ਨੂੰ ਹੀ ਚੋਣ ਮੌਕਾ ਨਹੀਂ ਮਿਲਦਾ ਤਾਂ ਇਸ ਦਾ ਵਰਕਰਾਂ ਦੇ ਮਨੋਬਲ 'ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਦੀ ਮਜ਼ਬੂਤੀ ਸਿਰਫ਼ ਚੋਣ ਰਣਨੀਤੀ ਨਾਲ ਨਹੀਂ, ਸਗੋਂ ਆਪਣੇ ਪੁਰਾਣੇ ਅਤੇ ਸਮਰਪਿਤ ਆਗੂਆਂ ਨੂੰ ਬਣਦਾ ਸਨਮਾਨ ਦੇਣ ਨਾਲ ਵੀ ਜੁੜੀ ਹੋਈ ਹੈ।