ਦ ਸੰਸਕਾਰ ਸਕੂਲ ਦੀ ਤੀਜੀ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਸੰਪੰਨ ਦ ਸੰਸਕਾਰ ਸਕੂਲ ਦੀ ਤੀਜੀ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਸੰਪੰਨ
Publish Date: Wed, 04 Nov 2026 04:13 PM (IST)
Updated Date: Wed, 04 Nov 2026 04:14 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਦ ਸੰਸਕਾਰ ਸਕੂਲ, ਤਲਵੰਡੀ ਸਾਬੋ ਵਿਖੇ ਤੀਜੀ ਸਾਲਾਨਾ ਸਪੋਰਟਸ ਮੀਟ ਦੋ ਦਿਨਾਂ ਤੱਕ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਦੌਰਾਨ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਵਿਚ ਮਾਪਿਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਬੱਚਿਆਂ ਦਾ ਹੌਸਲਾ ਵਧਾਇਆ। ਸਪੋਰਟਸ ਮੀਟ ਦੌਰਾਨ ਲੌਂਗ ਜੰਪ, ਰਿਲੇਅ ਰੇਸ, 100 ਮੀਟਰ ਤੇ 200 ਮੀਟਰ ਦੌੜ, ਡਿਸਕਸ ਥਰੋ, ਜੈਵਲਿਨ ਥਰੋ ਅਤੇ ਸ਼ਾਟਪੁੱਟ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਗਤਕੇ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਮੁਕਾਬਲਿਆਂ ਦੌਰਾਨ ਅਨੁਸ਼ਾਸਨ, ਖੇਡ ਭਾਵਨਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਸਪੋਰਟਸ ਮੀਟ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਇਲਾਕੇ ਦੇ ਡੀਐੱਸਪੀ ਜਸਜੋਤ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ। ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਵਿਚ ਸਹਾਈ ਹੁੰਦੀਆਂ ਹਨ, ਉੱਥੇ ਹੀ ਅਨੁਸ਼ਾਸਨ, ਟੀਮ ਭਾਵਨਾ ਅਤੇ ਮਜ਼ਬੂਤ ਚਰਿੱਤਰ ਦਾ ਨਿਰਮਾਣ ਵੀ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਚੁਣੌਤੀਆਂ ਦਾ ਹੌਸਲੇ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਦੂਜੇ ਦਿਨ ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਲਪ੍ਰੀਤ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਸਫ਼ਲਤਾ ਦੀ ਕੁੰਜੀ ਹਨ। ਉਨ੍ਹਾਂ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ, ਰਾਸ਼ਟਰੀ ਪੱਧਰ ਤੇ ਖੇਡਣ ਦਾ ਟੀਚਾ ਮਿੱਥਣ ਅਤੇ ਉਸ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰਨ ਲਈ ਉਤਸ਼ਾਹਿਤ ਕੀਤਾ। ਦੋ ਦਿਨਾਂ ਤੱਕ ਚੱਲੀ ਇਹ ਸਪੋਰਟਸ ਮੀਟ ਵਿਦਿਆਰਥੀਆਂ ਲਈ ਯਾਦਗਾਰੀ ਸਾਬਤ ਹੋਈ। ਇਸ ਨੇ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਖੇਡ ਭਾਵਨਾ ਅਤੇ ਅੱਗੇ ਵਧਣ ਦੀ ਪ੍ਰੇਰਣਾ ਪੈਦਾ ਕੀਤੀ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਰਿਹਾ।