ਅਕਾਲ ਯੂਨੀਵਰਸਿਟੀ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਕਾਲ ਯੂਨੀਵਰਸਿਟੀ ਵੱਲੋਂ ‘ਜੀਵਨ ਕੌਸ਼ਲ, ਸੁਰੱਖਿਆ ਅਤੇ ਤੰਦਰੁਸਤੀ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Fri, 30 Oct 2026 05:15 PM (IST)
Updated Date: Sat, 31 Oct 2026 04:02 AM (IST)
44 ਵਿਦਿਆਰਥੀਆਂ ਨੇ 10 ਗਰੁੱਪਾਂ ਵਿਚ ਵੰਡ ਕੇ ਸਕੂਲੀ ਬੱਚਿਆਂ ਨੂੰ ਸਿਹਤ, ਸੁਰੱਖਿਆ ਅਤੇ ਜੀਵਨ ਕੌਸ਼ਲਾਂ ਬਾਰੇ ਕੀਤਾ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਅਕਾਲ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ‘ਜੀਵਨ ਕੌਸ਼ਲ, ਸੁਰੱਖਿਆ ਅਤੇ ਤੰਦਰੁਸਤੀ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ‘ਕਮਿਊਨਿਟੀ ਲਿਵਿੰਗ ਪ੍ਰੋਗਰਾਮ’ ਤਹਿਤ ਬੀਏ ਬੀਐੱਡ ਸਮੈਸਟਰ ਪੰਜਵੇਂ ਦੇ ਵਿਦਿਆਰਥੀਆਂ ਵੱਲੋਂ ਅਕਾਲ ਅਕੈਡਮੀ, ਦਮਦਮਾ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਪ੍ਰੋਗਰਾਮ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਰਸ਼ਿਮ ਵਧਵਾ ਦੀ ਅਗਵਾਈ ਅਤੇ ਸਹਾਇਕ ਪ੍ਰੋਫੈਸਰ ਮੁਦੱਸਰ ਅਮੀਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦੌਰਾਨ 44 ਵਿਦਿਆਰਥੀਆਂ ਨੂੰ 10 ਗਰੁੱਪਾਂ ਵਿਚ ਵੰਡਿਆ ਗਿਆ, ਜਿਨ੍ਹਾਂ ਵੱਲੋਂ ਸਕੂਲੀ ਬੱਚਿਆਂ ਲਈ ਵੱਖ-ਵੱਖ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੂੰ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ 10 ਵਿਸ਼ੇਸ਼ ਇੰਟਰਐਕਟਿਵ ਸਟੇਸ਼ਨ ਬਣਾਏ ਗਏ। ਇਨ੍ਹਾਂ ਰਾਹੀਂ ਬੱਚਿਆਂ ਨੂੰ ਸਹੀ ਢੰਗ ਨਾਲ ਬੈਠਣ-ਉੱਠਣ, ਸਿਹਤ ਅਤੇ ਨਿੱਜੀ ਸਫ਼ਾਈ, ਸਿਹਤਮੰਦ ਆਦਤਾਂ, ਟ੍ਰੈਫਿਕ ਨਿਯਮਾਂ, ਐਮਰਜੈਂਸੀ ਹੈਲਪਲਾਈਨ ਨੰਬਰਾਂ ਅਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮਾਨਸਿਕ ਤੰਦਰੁਸਤੀ, ਤਣਾਅ ਪ੍ਰਬੰਧਨ ਅਤੇ ਬਾਡੀ ਮਾਸ ਇੰਡੈਕਸ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਵਿਹਾਰਕ ਗਤੀਵਿਧੀਆਂ ਰਾਹੀਂ ਸਮਝਾਇਆ ਗਿਆ। ਅਕਾਲ ਅਕੈਡਮੀ, ਦਮਦਮਾ ਸਾਹਿਬ ਦੇ ਪ੍ਰਿੰਸੀਪਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗਤੀਵਿਧੀ ਆਧਾਰਿਤ ਪ੍ਰੋਗਰਾਮ ਬੱਚਿਆਂ ਨੂੰ ਜ਼ਿੰਦਗੀ ਦੇ ਜ਼ਰੂਰੀ ਕੌਸ਼ਲ ਸਿੱਖਣ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਨੂੰ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।