ਅਕਾਲ ਯੂਨੀਵਰਸਿਟੀ ਵਿਚ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ-2026’ ਭਾਰੀ ਉਤਸ਼ਾਹ ਨਾਲ ਮੁਕੰਮਲ ਅਕਾਲ ਯੂਨੀਵਰਸਿਟੀ ਵਿਚ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ-2026’ ਭਾਰੀ ਉਤਸ਼ਾਹ ਨਾਲ ਮੁਕੰਮਲ
Publish Date: Thu, 29 Oct 2026 04:17 PM (IST)
Updated Date: Thu, 29 Oct 2026 04:19 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਅਕਾਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਅਮੀਰ ਵਿਰਾਸਤੀ ਖੇਡਾਂ ਅਤੇ ਲੋਕ ਕਲਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ ਦੋ ਰੋਜ਼ਾ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ-2026’ ਭਾਰੀ ਉਤਸ਼ਾਹ ਨਾਲ ਸੰਪੰਨ ਹੋ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਲੋਕ ਕਲਾਵਾਂ ਅਤੇ ਰਵਾਇਤੀ ਪੇਂਡੂ ਖੇਡਾਂ ਦੇ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਮੇਲੇ ਦਾ ਉਦਘਾਟਨ ਕੀਤਾ। ਲੋਕ ਖੇਡਾਂ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੀ ਗਤਕਾ ਟੀਮ ਵੱਲੋਂ ਜੋਸ਼ ਭਰਪੂਰ ਪੇਸ਼ਕਾਰੀ ਦਿੱਤੀ ਗਈ। ਸਮਾਗਮ ਦਾ ਮੰਚ ਸੰਚਾਲਨ ਡਾ. ਗੁਰਜੀਤ ਸਿੰਘ, ਪੰਜਾਬੀ ਵਿਭਾਗ ਅਤੇ ਡਾ. ਉਪਿੰਦਰ ਕੌਰ, ਸੀਐੱਸਈ ਵਿਭਾਗ ਵੱਲੋਂ ਕੀਤਾ ਗਿਆ। ਮੇਲੇ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਡਾਇਰੈਕਟਰ ਸਪੋਰਟਸ ਡਾ. ਸੰਦੀਪ ਸਿੰਘ ਨੇ ਨਿਭਾਈ। ਦੋ ਰੋਜ਼ਾ ਮੇਲੇ ਦੇ ਪਹਿਲੇ ਦਿਨ ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਪੱਖੀ ਬੁਣਨ, ਪੀੜ੍ਹੀ ਬੁਣਨ, ਨਾਲੇ ਬੁਣਨ, ਕਰੋਸ਼ੀਆ, ਮਿੱਟੀ ਦੇ ਖਿਡੌਣੇ ਬਣਾਉਣ, ਪੇਪਰ ਪਲੇਨ, ਗੁੱਡੀਆਂ-ਪਟੋਲੇ ਅਤੇ ਜਾਗੋ ਵਾਲੇ ਇੰਨੂੰ ਦੀ ਬੁਣਾਈ ਵਰਗੀਆਂ ਗਤੀਵਿਧੀਆਂ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਰਵਾਇਤੀ ਕਲਾਵਾਂ ਅਤੇ ਪੁਰਾਤਨ ਹੁਨਰਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਦੂਜੇ ਦਿਨ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚ ਮਟਕੀ ਦੌੜ, ਬੋਰੀ ਦੌੜ, ਰੁਮਾਲ ਚੱਕ, ਉਲਟੀ ਦੌੜ, ਤਿੰਨ ਟੰਗੀ ਦੌੜ, ਰੱਸੀ ਟੱਪਣਾ, ਗੀਟੇ, ਸਟਾਪੂ, ਅੰਨ੍ਹਾ ਝੋਟਾ, ਕਿੱਕਲੀ, ਲੱਕੜ ਦੌੜ, ਲੰਗੜਾ ਸ਼ੇਰ, ਰੱਸਾਕਸ਼ੀ, ਪਿੱਠੂ, ਪੰਜਾ ਲੜਾਉਣਾ, ਚਰਖੇ ਨਾਲ ਸੂਤ ਕੱਤਣਾ ਅਤੇ ਹੌਲੀ ਸਾਈਕਲ ਚਲਾਉਣ ਵਰਗੀਆਂ ਖੇਡਾਂ ਸ਼ਾਮਲ ਸਨ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਮੇਲੇ ਦੇ ਸਮਾਪਨ ਸਮਾਰੋਹ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਜੀ.ਐੱਸ. ਲਾਂਬਾ, ਰਜਿਸਟਰਾਰ ਪ੍ਰੋ. ਸਵਰਨ ਸਿੰਘ, ਡਾਇਰੈਕਟਰ ਆਈਕਿਊਏਸੀ ਡਾ. ਸੁਖਜੀਤ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜਨਪ੍ਰੀਤ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਅੰਤ ਵਿਚ ਮੇਜਰ ਜਨਰਲ ਡਾ. ਜੀਐੱਸ ਲਾਂਬਾ ਨੇ ਧੰਨਵਾਦ ਕਰਦਿਆਂ ਮੇਲੇ ਦੀ ਸਫਲਤਾ ਲਈ ਸਮੁੱਚੀਆਂ ਪ੍ਰਬੰਧਕੀ ਟੀਮਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।