ਰਾਮਸਰਾ ਰੇਲਵੇ ਫਾਟਕ ਨੂੰ ‘ਲਾਵਾਰਿਸ’ ਐਲਾਨਿਆ ਜਾਵੇ: ਜਗਜੀਤ ਸਿੰਘ ਰਾਮਸਰਾ ਰੇਲਵੇ ਫਾਟਕ ਨੂੰ ‘ਲਾਵਾਰਿਸ’ ਐਲਾਨਿਆ ਜਾਵੇ: ਜਗਜੀਤ ਸਿੰਘ
Publish Date: Thu, 29 Oct 2026 04:05 PM (IST)
Updated Date: Thu, 29 Oct 2026 04:07 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਸਥਾਨਕ ਰਾਮਸਰਾ ਰੇਲਵੇ ਫਾਟਕ ’ਤੇ ਭਾਰੀ ਵਾਹਨਾਂ ਕਾਰਨ ਅਕਸਰ ਲੱਗਣ ਵਾਲੇ ਜਾਮ ਦੀ ਸਮੱਸਿਆ ਨੂੰ ਲੈ ਕੇ ਟੀਮ ਲੱਖਾ ਸਿੰਘ ਸਿਧਾਣਾ ਦੇ ਸਥਾਨਕ ਆਗੂ ਜਗਜੀਤ ਸਿੰਘ ਨੇ ਰੇਲਵੇ ਮੰਤਰੀ ਤੋਂ ਫਾਟਕ ’ਤੇ ਪੁਲਿਸ ਦੀ ਪੱਕੀ ਡਿਊਟੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਫਾਟਕ ਨੂੰ ‘ਲਾਵਾਰਿਸ’ ਐਲਾਨਿਆ ਜਾਵੇ। ਜਗਜੀਤ ਸਿੰਘ ਨੇ ਕਿਹਾ ਕਿ ਰਾਮਸਰਾ ਰੇਲਵੇ ਫਾਟਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਮੁੱਖ ਰਾਮਸਰਾ ਗੇਟ ਨਾਲ ਜੁੜਿਆ ਹੋਣ ਕਾਰਨ ਇੱਥੋਂ ਭਾਰੀ ਟਰੱਕਾਂ, ਟਰਾਲਿਆਂ, ਬੱਸਾਂ, ਕਾਰਾਂ ਤੇ ਜੀਪਾਂ ਦੀ ਵੱਡੀ ਗਿਣਤੀ ਵਿਚ ਆਵਾਜਾਈ ਰਹਿੰਦੀ ਹੈ। ਉਨ੍ਹਾਂ ਅਨੁਸਾਰ ਕਈ ਵਾਹਨ ਚਾਲਕ ਗਲਤ ਪਾਸੇ ਵਾਹਨ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਲੰਮਾ ਜਾਮ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਮਸਰਾ ਰੇਲਵੇ ਫਾਟਕ ’ਤੇ ਲੱਗਣ ਵਾਲਾ ਜਾਮ ਆਮ ਲੋਕਾਂ ਦੇ ਨਾਲ-ਨਾਲ ਫਾਟਕ ਦੇ ਦੂਜੇ ਪਾਸੇ ਵੱਸਦੀ ਆਬਾਦੀ ਲਈ ਵੀ ਮੁਸ਼ਕਲਾਂ ਪੈਦਾ ਕਰਦਾ ਹੈ। ਅੱਜ ਵੀ ਫਾਟਕ ’ਤੇ ਕਰੀਬ ਦੋ ਘੰਏ ਜਾਮ ਲੱਗਿਆ ਰਿਹਾ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਰੇਲਵੇ ਵਿਚ ਸੁਧਾਰਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਇਸ ਫਾਟਕ ’ਤੇ ਆਵਾਜਾਈ ਦੀ ਸਮੱਸਿਆ ਬਣੀ ਹੋਈ ਹੈ। ਜਗਜੀਤ ਸਿੰਘ ਨੇ ਮੰਗ ਕੀਤੀ ਕਿ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਫਾਟਕ ’ਤੇ ਪੁਲਿਸ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਈ ਜਾਵੇ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।