ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ’ਚ ਰਮਾਇਣ ’ਤੇ ਅਧਾਰਿਤ ਰਾਮਲੀਲਾ ਦਾ ਸ਼ਾਨਦਾਰ ਮੰਚਨ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਵਿਚ ਰਮਾਇਣ ’ਤੇ ਅਧਾਰਿਤ ਰਾਮਲੀਲਾ ਦਾ ਸ਼ਾਨਦਾਰ ਮੰਚਨ
Publish Date: Tue, 20 Oct 2026 04:32 PM (IST)
Updated Date: Tue, 20 Oct 2026 04:33 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈ ਕਾ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵੱਲੋਂ ਰਮਾਇਣ ’ਤੇ ਆਧਾਰਿਤ ਰਾਮਲੀਲਾ ਦਾ ਮੰਚਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾਉਂਦਿਆਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਰਾਮਲੀਲਾ ਦੌਰਾਨ ਪੰਜਵੀਂ ਜਮਾਤ ਦੇ ਸੁਖਮਨਪ੍ਰੀਤ ਸਿੰਘ ਨੇ ਸ੍ਰੀ ਰਾਮ, ਚੌਥੀ ਜਮਾਤ ਦੀ ਵਿਦਿਆਰਥਣ ਸੁਮਨ ਨੇ ਮਾਤਾ ਸੀਤਾ, ਛੇਵੀਂ ਜਮਾਤ ਦੇ ਅਮਾਨਤ ਸਿੰਘ ਨੇ ਲਛਮਣ, ਚੌਥੀ ਜਮਾਤ ਦੇ ਆਦਿਤਿਯ ਨੇ ਹਨੂੰਮਾਨ ਤੇ ਪੰਜਵੀਂ ਜਮਾਤ ਦੇ ਦਿਵੰਸ਼ ਨੇ ਰਾਵਣ ਦੀ ਭੂਮਿਕਾ ਨਿਭਾਈ। ਸਾਰੇ ਵਿਦਿਆਰਥੀਆਂ ਨੇ ਆਪਣੇ ਕਿਰਦਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪੇਸ਼ਕਾਰੀ ਦੌਰਾਨ ਸੀਤਾ ਹਰਨ, ਹਨੂੰਮਾਨ ਜੀ ਦਾ ਲੰਕਾ ਜਾਣਾ, ਲਛਮਣ ਦੇ ਮੂਰਛਿਤ ਹੋਣ ਅਤੇ ਰਾਵਣ ਵਧ ਵਰਗੇ ਮਹੱਤਵਪੂਰਨ ਦ੍ਰਿਸ਼ਾਂ ਦਾ ਸੁੰਦਰ ਮੰਚਨ ਕੀਤਾ ਗਿਆ। ਇਨ੍ਹਾਂ ਦ੍ਰਿਸ਼ਾਂ ਰਾਹੀਂ ਵਿਦਿਆਰਥੀਆਂ ਨੇ ਸੱਚਾਈ, ਧਰਮ, ਤਿਆਗ, ਭਗਤੀ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਰਾਮ ਦੇ ਜੀਵਨ ਤੋਂ ਸੱਚਾਈ, ਤਿਆਗ ਤੇ ਮਾਪਿਆਂ ਦੀ ਆਗਿਆ ਦਾ ਪਾਲਣ ਕਰਨ ਦੀ ਸਿੱਖਿਆ ਮਿਲਦੀ ਹੈ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਰਮਾਇਣ ਸਿਰਫ਼ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਜੀਵਨ ਜਿਊਣ ਦੀ ਕਲਾ ਵੀ ਸਿਖਾਉਂਦੀ ਹੈ। ਉਨ੍ਹਾਂ ਸਫ਼ਲ ਪ੍ਰੋਗਰਾਮ ਲਈ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।