ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵੱਲੋਂ ਮਕ਼ਬੂਲ ਸ਼ਾਇਰਾ ਪਰਮ ‘ਪ੍ਰੀਤ’ ਰਬਾਬ ਨਾਲ ਰੂਬਰੂ ਸਮਾਗਮ ਕਰਵਾਇਆ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵੱਲੋਂ ਮਕ਼ਬੂਲ ਸ਼ਾਇਰਾ ਪਰਮ ‘ਪ੍ਰੀਤ’ ਰਬਾਬ ਨਾਲ ਰੂ-ਬ-ਰੂ ਸਮਾਗਮ ਕਰਵਾਇਆ
Publish Date: Tue, 20 Oct 2026 04:19 PM (IST)
Updated Date: Tue, 20 Oct 2026 04:21 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਪੰਜਾਬੀ ਯੂਨੀਵਰਸਿਟੀ, ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਵੱਲੋਂ ਇਕ ਅਦਬੀ ਤੇ ਫ਼ਿਕਰੀ ਮਹਿਫ਼ਲ ‘ਰੂ-ਬ-ਰੂ’ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿਚ ਮਕਬੂਲ ਸ਼ਾਇਰਾ ਪਰਮ ‘ਪ੍ਰੀਤ’ ਰਬਾਬ ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨਾਲ ਆਪਣੇ ਜੀਵਨ-ਸਫ਼ਰ, ਸਾਹਿਤਕ ਤਜਰਬਿਆਂ ਤੇ ਸਿਰਜਣਾਤਮਕ ਯਾਤਰਾ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਸਾਹਿਤਕ ਸੰਵਾਦ, ਕਵਿਤਾ ਤੇ ਸੰਗੀਤ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਸ਼ਾਇਰਾ ਪਰਮ ‘ਪ੍ਰੀਤ’ ਰਬਾਬ ਨੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਅਤੇ ਸਾਹਿਤ ਨਾਲ ਜੁੜਨ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਰੰਗ, ਤਜਰਬਿਆਂ ਦੀ ਤਪਸ਼, ਸਮਾਜਿਕ ਸਰੋਕਾਰ ਅਤੇ ਇਨਸਾਨੀ ਜਜ਼ਬਾਤ ਕਲਮ ਨੂੰ ਨਵੀਂ ਰੌਸ਼ਨੀ, ਦਿਸ਼ਾ ਅਤੇ ਅਰਥ ਪ੍ਰਦਾਨ ਕਰਦੇ ਹਨ। ਉਨ੍ਹਾਂ ਆਪਣੇ ਸਾਹਿਤਕ ਅਨੁਭਵਾਂ ਨੂੰ ਬੇਬਾਕੀ ਅਤੇ ਦਿਲਕਸ਼ ਅੰਦਾਜ਼ ਵਿੱਚ ਸਾਂਝਾ ਕੀਤਾ। ਉਨ੍ਹਾਂ ਦੇ ਵਿਚਾਰਾਂ ਨੇ ਵਿਦਿਆਰਥੀਆਂ ਨੂੰ ਸਾਹਿਤਕ ਸਿਰਜਣਾ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਮੌਕਾ ਦਿੱਤਾ। ਇਸ ਮੌਕੇ ਸ਼ਾਇਰਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗ਼ਜ਼ਲਾਂ, ਗੀਤਾਂ ਅਤੇ ਬੋਲੀਆਂ ਦੀ ਬਾ-ਤਰੰਨੁਮ ਪੇਸ਼ਕਾਰੀ ਕਰਕੇ ਮਹਿਫ਼ਲ ਨੂੰ ਰੌਣਕ ਬਖ਼ਸ਼ੀ। ਉਨ੍ਹਾਂ ਦੇ ਕਲਾਮ ਵਿੱਚ ਲਫ਼ਜ਼ਾਂ ਦੀ ਨਫ਼ਾਸਤ, ਖ਼ਿਆਲਾਂ ਦੀ ਗਹਿਰਾਈ ਅਤੇ ਜਜ਼ਬਾਤਾਂ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਦਿਲਕਸ਼ ਅਦਾਇਗੀ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਸੂਤਰਧਾਰ ਡਾ. ਮਨਮਿੰਦਰ ਕੌਰ ਨੇ ਸ਼ਾਇਰਾ ਨਾਲ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ। ਇਸ ਗੱਲਬਾਤ ਰਾਹੀਂ ਉਨ੍ਹਾਂ ਦੇ ਨਿੱਜੀ ਜੀਵਨ, ਸਾਹਿਤਕ ਸਫ਼ਰ, ਲੇਖਣੀ ਦੇ ਸਰੋਤਾਂ, ਸਿਰਜਣਾਤਮਕ ਪ੍ਰਕਿਰਿਆ ਤੇ ਸਾਹਿਤ ਪ੍ਰਤੀ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਨਾਲ ਵਿਦਿਆਰਥੀਆਂ ਨੂੰ ਸਾਹਿਤਕ ਸਿਰਜਣਾ ਦੇ ਅੰਦਰੂਨੀ ਪੱਖਾਂ ਨੂੰ ਸਮਝਣ ਤੇ ਲੇਖਣੀ ਬਾਰੇ ਨਵੀਂ ਦ੍ਰਿਸ਼ਟੀ ਹਾਸਲ ਕਰਨ ਦਾ ਮੌਕਾ ਮਿਲਿਆ। ਸਮਾਗਮ ਦੀ ਸ਼ੁਰੂਆਤ ਮੌਕੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਦੇ ਡਾ. ਸੰਦੀਪ ਰਾਣਾ ਨੇ ਸਵਾਗਤੀ ਸ਼ਬਦਾਂ ਰਾਹੀਂ ਸ਼ਾਇਰਾ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਅੰਤ ਵਿੱਚ ਡਾ. ਬਲਦੇਵ ਸਿੰਘ ਨੇ ਸ਼ਾਇਰਾ ਪਰਮ ‘ਪ੍ਰੀਤ’ ਰਬਾਬ, ਸੂਤਰਧਾਰ ਡਾ. ਮਨਮਿੰਦਰ ਕੌਰ ਅਤੇ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾਸ਼ੀ ਕੈਂਪਸ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਸ਼ਾਇਰਾ ਪਰਮ ‘ਪ੍ਰੀਤ’ ਰਬਾਬ ਨੂੰ ਯਾਦਗਾਰੀ ਮੋਮੈਂਟੋ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਦੋਵਾਂ ਵਿਭਾਗਾਂ ਦੇ ਅਧਿਆਪਕਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਮੁੱਚੀ ਮਹਿਫ਼ਲ ਅਦਬ, ਇਲਮ, ਫ਼ਿਕਰ ਅਤੇ ਜਜ਼ਬਾਤ ਦਾ ਸੁੰਦਰ ਸੰਗਮ ਹੋ ਨਿੱਬੜੀ।