- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੂੰ 85 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ: ਬਿੱਟੀ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ,
ਰਾਮਪੁਰਾ ਫੂਲ
ਗੜੇਮਾਰੀ ਕਾਰਨ ਹਲਕਾ ਰਾਮਪੁਰਾ ਫੂਲ ਦੇ ਮਹਿਰਾਜ ਖੇਤਰ ਨਾਲ ਸਬੰਧਤ ਕਈ ਪਿੰਡਾਂ ਵਿਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਕਾਂਗਰਸ ਦੇ ਹਲਕਾ ਰਾਮਪੁਰਾ ਫੂਲ ਤੋਂ ਸੰਭਾਵੀ ਉਮੀਦਵਾਰ ਮਨਜੀਤ ਸਿੰਘ ਸਿੱਧੂ ਉਰਫ਼ ਬਿੱਟੀ ਸੇਲਬਰਾਹੀਆ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਮਨਜੀਤ ਸਿੰਘ ਬਿੱਟੀ ਸੇਲਬਰਾਹੀਆ ਨੇ ਕਿਹਾ ਕਿ ਕਿਸਾਨਾਂ ਨੇ ਆਪਣੀ ਮਿਹਨਤ ਅਤੇ ਪੂੰਜੀ ਲਗਾ ਕੇ ਝੋਨੇ ਦੀ ਫ਼ਸਲ ਤਿਆਰ ਕੀਤੀ ਸੀ, ਪਰ ਗੜੇਮਾਰੀ ਕਾਰਨ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਕੋਠੇ ਰਥੜੀਆਂ, ਕੋਠੇ ਟੱਲ ਵਾਲੀ, ਪਿੱਪਲੀ, ਕੋਠੇ ਮਹਾਂ ਸਿੰਘ ਵਾਲੇ ਅਤੇ ਕੋਠੇ ਗੁਰੂਸਰ ਸਮੇਤ ਕਈ ਪਿੰਡਾਂ ਵਿਚ ਫ਼ਸਲ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਅਨੁਸਾਰ ਇਲਾਕੇ ਵਿੱਚ ਕਰੀਬ 1,200 ਏਕੜ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ, ਜਿਸ ਦੇ ਆਧਾਰ ’ਤੇ 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਭਗ 10 ਕਰੋੜ 20 ਲੱਖ ਰੁਪਏ ਮੁਆਵਜ਼ਾ ਬਣਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦੇ ਅਨੁਸਾਰ ਯੋਗ ਕਿਸਾਨਾਂ ਨੂੰ ਮੁਆਵਜ਼ਾ ਜਲਦ ਦਿੱਤਾ ਜਾਵੇ, ਤਾਂ ਜੋ ਉਹ ਆਰਥਿਕ ਮੁਸ਼ਕਲਾਂ ਵਿੱਚੋਂ ਨਿਕਲ ਸਕਣ।
ਇਸ ਮੌਕੇ ਬਿੱਟੀ ਸੇਲਬਰਾਹੀਆ ਨੇ ਗੁਰੂਸਰ ਟਿੱਬਾ ਸਾਹਿਬ ਵਿਖੇ ਕਿਸਾਨਾਂ ਦੀ ਸਹਾਇਤਾ ਲਈ ਬਣਾਈ ਗਈ ਕਮੇਟੀ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।