78 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰੇਲਵੇ ਓਵਰਬ੍ਰਿਜ ਮੇਅਰ ਮਹਿਤਾ ਵੱਲੋਂ ਲੋਕਾਂ ਨੂੰ ਸਮਰਪਿਤ 78 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰੇਲਵੇ ਓਵਰਬ੍ਰਿਜ ਮੇਅਰ ਮਹਿਤਾ ਵੱਲੋਂ ਲੋਕਾਂ ਨੂੰ ਸਮਰਪਿਤ
Publish Date: Sat, 17 Oct 2026 08:08 PM (IST)
Updated Date: Sat, 17 Oct 2026 08:09 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਾਸੀਆਂ ਲਈ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਅੱਜ ਰਾਹਤ ਭਰੀ ਖ਼ਬਰ ਸਾਹਮਣੇ ਆਈ, ਜਦੋਂ ਲੰਬੇ ਸਮੇਂ ਤੋਂ ਅਧੂਰੇ ਪਏ ਸੰਜੇ ਨਗਰ, ਨਰੂਆਣਾ ਰੋਡ ਅਤੇ ਬੰਗੀ ਨਗਰ ਰੇਲਵੇ ਓਵਰਬ੍ਰਿਜ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਰਿਬਨ ਕੱਟ ਕੇ ਆਮ ਲੋਕਾਂ ਲਈ ਖੋਲ੍ਹ ਦਿੱਤਾ। ਕਰੀਬ 78 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਓਵਰਬ੍ਰਿਜ ਨੂੰ ਫਿਲਹਾਲ ਟਰਾਇਲ ਦੇ ਆਧਾਰ ’ਤੇ ਆਵਾਜਾਈ ਲਈ ਸ਼ੁਰੂ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਰੇਲਵੇ ਲਾਈਨ ਦੇ ਦੋਵੇਂ ਪਾਸੇ ਵੱਸਦੇ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ। ਇਸ ਮੌਕੇ ਸ਼ਾਮ ਲਾਲ ਜੈਨ, ਮਾਤਾ ਸੰਤੋਸ਼ ਮਹੰਤ, ਸੰਜੇ ਬਿਸਵਾਲ, ਗੋਵਿੰਦ ਮਸੀਹ, ਵਿਕਰਮ ਕ੍ਰਾਂਤੀ, ਰਾਜਿੰਦਰ ਕੌਰ, ਬਲਕਾਰ ਸਿੰਘ,ਕੁਲਵਿੰਦਰ ਮਾਕੜ, ਡਿੰਪੀ ਬਾਘਲਾ, ਬਲਦੇਵ ਸਿੰਘ, ਰਮਨ ਸਿੱਧੂ, ਮਲਕੀਤ ਸ਼ਾਰਦਾ, ਆਂਚਲ ਕੁਮਾਰ, ਵਿਕਰਮਜੀਤ ਵਿੱਕੀ, ਅਕਸ਼ੈ ਸ਼ਰਮਾ, ਵਿਕਾਸ ਕੌਸ਼ਲ, ਗੁਰਸੇਵਕ ਸਿੰਘ, ਸੁਭਾਸ਼ ਕੁਮਾਰ, ਮਣੀ, ਦੀਪਾ, ਯਾਦਵਿੰਦਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਓਵਰਬ੍ਰਿਜ ਨੂੰ ਲੋਕਾਂ ਲਈ ਖੋਲ੍ਹਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕੋਈ ਵੀ ਵੱਡਾ ਕੰਮ ਟੀਮ ਵਰਕ, ਸਮੂਹਿਕ ਯਤਨਾਂ ਅਤੇ ਨਿਰੰਤਰ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ 78 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਓਵਰਬ੍ਰਿਜ ਨੂੰ ਲੋਕਾਂ ਲਈ ਖੋਲ੍ਹਣਾ ਉਨ੍ਹਾਂ ਲਈ ਇੱਕ ਵੱਡੀ ਪ੍ਰਾਪਤੀ ਹੈ। ਮਹਿਤਾ ਨੇ ਕਿਹਾ ਕਿ ਇਸ ਓਵਰਬ੍ਰਿਜ ਦਾ ਨਿਰਮਾਣ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਮੁਕੰਮਲ ਹੋਇਆ ਹੈ ਅਤੇ ਹੁਣ ਇਸ ਨੂੰ ਲੋਕਾਂ ਦੀ ਸਹੂਲਤ ਲਈ ਟਰਾਇਲ ਦੇ ਆਧਾਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲਾਈਨਾਂ ਪਾਰ ਇਲਾਕੇ ਵਿੱਚ ਸਰਹਿੰਦ ਨਹਿਰ ਦੇ ਨੇੜੇ ਕਰੀਬ ਸਾਢੇ ਤਿੰਨ ਕਿਲੋਮੀਟਰ ਲੰਬਾ ਨੇਚਰ ਪਾਰਕ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪਾਰਕ ਦਾ ਲਗਭਗ 400 ਮੀਟਰ ਹਿੱਸਾ ਮੁਕੰਮਲ ਹੋ ਚੁੱਕਾ ਹੈ।